ਫ਼ਿਲਮ ਤੋਂ ਬਾਅਦ ਮੋਦੀ ਦੀ ਵੈਬ ਸੀਰੀਜ਼ 'ਤੇ ਵੀ ਲੱਗੀ ਪਾਬੰਦੀ
ਚੋਣ ਕਮਿਸ਼ਨ ਨੇ ਇਰੋਜ਼ ਨਾਓ ਨੂੰ ਵੈਬ ਸੀਰੀਜ਼ ਦੇ ਸਾਰੇ ਐਪੀਸੋਡਜ਼ ਆਪਣੇ ਪਲੇਟਫ਼ਾਰਮ ਤੋਂ ਹਟਾਉਣ ਦੇ ਆਦੇਸ਼ ਦਿੱਤੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਈਓਪਿਕ ਫ਼ਿਲਮ ਦੇ ਰੀਲੀਜ਼ ਹੋਣ ਤੋਂ ਠੀਕ ਪਹਿਲਾਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਵੈਬ ਸੀਰੀਜ਼ 'Modi-Journey of a Common Man' 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸ਼ਨਿਚਰਵਾਰ ਨੂੰ ਚੋਣ ਕਮਿਸ਼ਨ ਨੇ ਇਰੋਜ਼ ਨਾਓ ਨੂੰ ਆਦੇਸ਼ ਦਿੱਤਾ ਕਿ ਉਹ ਇਸ ਵੈਬ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੀ ਸਟ੍ਰੀਮਿੰਗ ਆਪਣੇ ਪਲੇਟਫ਼ਾਰਮ ਤੋਂ ਹਟਾਏ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਈਓਪਿਕ ਫ਼ਿਲਮ 'ਪੀਐਮ ਨਰਿੰਦਰ ਮੋਦੀ' 'ਤੇ ਚੋਣ ਕਮਿਸ਼ਨ ਨੇ ਰੀਲੀਜ਼ ਤੋਂ ਠੀਕ ਇਕ ਦਿਨ ਪਹਿਲਾਂ ਪਾਬੰਦੀ ਲਗਾ ਦਿੱਤੀ ਸੀ। ਫ਼ਿਲਮ 12 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਣ ਜਾ ਰਹੀ ਸੀ। ਡਾਇਰੈਕਟਰ ਓਮੰਗ ਕੁਮਾਰ ਦੀ ਇਸ ਫ਼ਿਲਮ 'ਤੇ ਦੋਸ਼ ਸੀ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਫ਼ਿਲਮ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ ਮੋਦੀ ਦੀ ਬਾਈਓਪਿਕ 'ਤੇ ਵੀ ਰੋਕ ਲਗਾ ਦਿੱਤੀ ਹੈ।
ਮੋਦੀ 'ਤੇ ਬਣੀ ਵੈਬ ਸੀਰੀਜ਼ ਦੇ ਪੰਜ ਐਪੀਸੋਡਜ਼ ਸਟ੍ਰੀਮ ਹੋ ਚੁੱਕੇ ਹਨ। ਓਮੰਗ ਕੁਮਾਰ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਸਨ ਕਿ ਚੋਣਾਂ ਸਮੇਂ ਇਹ ਵੈਬ ਸੀਰੀਜ਼ ਜਾਰੀ ਹੋਵੇਗੀ। ਉਹ ਇਸ ਸੀਰੀਜ਼ 'ਤੇ ਪਿਛਲੇ 11 ਮਹੀਨੇ ਤੋਂ ਕੰਮ ਕਰ ਰਹੇ ਸਨ ਪਰ ਤਕਨੀਕੀ ਸਮੱਸਿਆਵਾਂ ਕਾਰਨ ਸੀਰੀਜ਼ ਨੂੰ ਸਟ੍ਰੀਮ ਕਰਨ 'ਚ ਟਾਈਮ ਲੱਗਾ। ਸੀਰੀਜ਼ ਨੂੰ ਚੋਣਾਂ ਸਮੇਂ ਰੀਲੀਜ਼ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਸੀ।