ਡਰੱਗ ਮਾਮਲੇ ਵਿਚ ਸਾਰਾ ਅਲੀ ਖਾਨ, ਰਕੁਲਪ੍ਰੀਤ, ਸ਼ਰਧਾ ਕਪੂਰ ਅਤੇ ਸਿਮੋਨ ਨੂੰ ਨੋਟਿਸ ਭੇਜ ਸਕਦੀ ਹੈ NCB
ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਨਵੀਂ ਦਿੱਲੀ: ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਡਰੱਗ ਸਪਲਾਇਰ ਕੋਲੋਂ ਪੁੱਛਗਿੱਛ ਤੋਂ ਬਾਅਦ ਐਨਸੀਬੀ ਕੁਝ ਹੋਰ ਲੋਕਾਂ ਨੂੰ ਪੁੱਛ-ਗਿੱਛ ਲਈ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਐਨਸੀਬੀ ਸਾਰਾ ਅਲੀ ਖ਼ਾਨ, ਰਕੁਲਪ੍ਰੀਤ ਕੌਰ, ਸ਼ਰਧਾ ਕਪੂਰ ਅਥੇ ਸਿਮੋਨ ਨੂੰ ਇਸੇ ਹਫ਼ਤੇ ਪੁੱਛਗਿੱਛ ਲਈ ਨੋਟਿਸ ਭੇਜ ਸਕਦੀ ਹੈ। ਨਸ਼ਾ ਤਸਕਰਾਂ ਨਾਲ ਕੀਤੀ ਗਈ ਪੁੱਛਗਿੱਛ ਵਿਚ ਇਹਨਾਂ ਦਾ ਨਾਮ ਆਇਆ ਹੈ।
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਰੂਤੀ ਮੋਦੀ ਅਤੇ ਜਯਾ ਸ਼ਾਹ ਨੂੰ ਅੱਜ ਨੋਟਿਸ ਦੇ ਕੇ ਪੁੱਛਗਿੱਛ ਲਈ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਇਹਨਾਂ ਦੀ ਜਾਂਚ ਤੋਂ ਬਾਅਦ ਸ਼ਾਮ ਨੂੰ ਨਵੇਂ ਸੰਮਨ ਜਾਰੀ ਕੀਤੇ ਜਾ ਸਕਦੇ ਹਨ। ਪਿਛਲੇ ਦਿਨੀਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਏਜੰਸੀ ਐਨਸੀਬੀ ਨੂੰ ਵੱਡੀ ਸਫਲਤਾ ਮਿਲੀ ਸੀ।
ਮੁੰਬਈ ਵਿਚ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਐਨਸੀਬੀ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ 6 ਲੋਕਾਂ ਦੇ ਸਬੰਧ ਬਾਲੀਵੁੱਡ ਡਰੱਗ ਰੈਕੇਟ ਨਾਲ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਇਸ ਡਰੱਗ ਮਾਮਲੇ ਵਿਚ ਹੁਣ ਤੱਕ 16 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦਾ ਭਰਾ ਸ਼ੋਵਿਕ ਚੱਕਰਵਰਤੀ ਸ਼ਾਮਲ ਹੈ।