ਪ੍ਰਿਯੰਕਾ ਚੋਪੜਾ ਨੇ ਗਲੋਬਲ ਕਮਿਊਨਿਟੀ ਨੂੰ ਕੀਤੀ ਅਪੀਲ, 'ਮੇਰੇ ਦੇਸ਼ ਵਿਚ ਲੋਕ ਮਰ ਰਹੇ ਹਨ...'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਗਲੋਬਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ।

Priyanka Chopra Sets Up COVID 19 Fundraiser For India

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਗਲੋਬਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ। ਇਸ ਦੇ ਲਈ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਸਾਰੇ ਲੋਕਾਂ ਨੂੰ ਰਾਹਤ ਲਈ ਅੱਗੇ ਆਉਣ ਲਈ ਕਿਹਾ। ਦੱਸ ਦਈਏ ਕਿ ਇਹਨੀਂ ਦਿਨੀਂ ਪ੍ਰਿਯੰਕਾ ਚੋਪੜਾ ਲੰਡਨ ਵਿਚ ਹੈ।

ਸੋਸ਼ਲ ਮੀਡੀਆ ’ਤੇ ਪ੍ਰਿਯੰਕਾ ਨੇ ਕਿਹਾ, ‘ਭਾਰਤ ਮੇਰਾ ਘਰ ਹੈ ਜੋ ਕੋਵਿਡ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਾਰਿਆਂ ਦੀ ਮਦਦ ਦੀ ਲੋੜ ਹੈ। ਰਿਕਾਰਡ ਗਿਣਤੀ ਵਿਚ ਲੋਕ ਮਰ ਰਹੇ ਹਨ। ਹਰ ਥਾਂ ਬਿਮਾਰੀ ਹੈ ਤੇ ਇਹ ਵੱਡੇ ਪੱਧਰ ’ਤੇ ਫੈਲ ਰਿਹਾ ਹੈ’।

ਅਦਾਕਾਰਾ ਨੇ ਦੱਸਿਆ ਕਿ ਉਹ ਖੁਦ ਵੀ ਆਰਥਕ ਮਦਦ ਲਈ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਉਹਨਾਂ ਕਿਹਾ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੋ ਜਾਂਦਾ, ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ। ਇੰਨੇ ਸਾਰੇ ਲੋਕਾਂ ਦੀ ਮਦਦ ਕਰਨ ਲਈ ਇੰਨੇ ਲੋਕਾਂ ਨੂੰ ਮਦਦ ਕਰਦੇ ਹੋਏ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਸਾਨੂੰ ਇਸ ਵਾਇਰਸ ਨੂੰ ਹਰਾਉਣ ਦੀ ਲੋੜ ਹੈ ਤੇ ਅਜਿਹਾ ਕਰਨ ਲਈ ਸਾਨੂੰ ਸਾਰਿਆਂ ਦੀ ਲੋੜ ਹੈ। ਦਿਲ ਦੀ ਗਹਿਰਾਈ ਤੋਂ ਧੰਨਵਾਦ’।

ਇਸ ਦੇ ਨਾਲ ਪ੍ਰਿਯੰਕਾ ਚੋਪੜਾ ਨੇ ਦੱਸਿਆ ਕਿ ਉਹਨਾਂ ਨੇ GiveIndia ਦੇ ਨਾਲ ਮਿਲ ਕੇ ਇਕ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਹੈ। ਅਦਾਕਾਰਾ ਨੇ ਸਾਰਿਆਂ ਨੂੰ ਮਦਦ ਲਈ ਕਿਹਾ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ। ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਅਤੇ ਅਦਾਕਾਰਾ ਟਵਿੰਕਲ ਖੰਨਾ ਨੇ ਵੀ ਕੋਰੋਨਾ ਪੀੜਤਾਂ ਦੀ ਮਦਦ ਕੀਤੀ ਹੈ।