ਸਕੂਲ ‘ਚ ਗਾਣਾ ਗਾਉਣ ‘ਤੇ ਫਸੀ ਅਫਸਾਨਾ ਖਾਨ ਨੇ ਦਿੱਤੀ ਸਫਾਈ...ਸੁਣੋ ਕੀ ਕਿਹਾ

ਏਜੰਸੀ

ਮਨੋਰੰਜਨ, ਪਾਲੀਵੁੱਡ

‘ਬੱਚਿਆਂ ਦੀ ਡਿਮਾਂਡ ‘ਤੇ ਗਾਇਆ ਸੀ ਗੀਤ’

File

ਸ਼੍ਰੀ ਮੁਕਤਸਰ ਸਾਹਿਬ- ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਇੱਕ ਸਰਕਾਰੀ ਸਕੂਲ ਵਿੱਚ ਗਾਣਾ ਗਾਉਣ ਕਰਕੇ ਮੁਸੀਬਤ ਵਿਚ ਪੈ ਗਈ ਹੈ। ਉਨ੍ਹਾਂ ਦੇ ਸਕੂਲ ਵਿੱਚ ਗਾਣਾ ਗਾਉਣ ਦੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਸੀ। ਇਸ ਤੋਂ ਬਾਅਦ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਕ ਵੀਡੀਓ ਸ਼ੇਅਰ ਕੀਤੀ। 

ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਜੋ ਵੀ ਹੈ ਉਹ ਆਪ ਸਭ ਦੇ ਪਿਆਰ ਸਦਕਾ ਅਤੇ ਆਪਣੇ ਪਰਿਵਾਰ ਦੀ ਸਪੋਰਟ ਤੇ ਹਮਾਇਤ ਨਾਲ ਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸਕੂਲ ਅਤੇ ਉਨ੍ਹਾਂ 'ਤੇ ਕੰਟਰੋਵਰਸੀ ਚੱਲ ਰਹੀ ਹੈ। ਦਰਅਸਲ ਉਹ ਪਿਛਲੇ ਦਿਨੀਂ ਆਪਣੇ ਪਿੰਡ ਬਾਦਲ ਦੇ ਸਕੂਲ ਵਿੱਚ ਗਈ ਸੀ। 

ਜਿਥੇ ਉਨ੍ਹਾਂ ਨੂੰ ਬੱਚਿਆਂ ਨੇ ਘੇਰ ਲਿਆ ਅਤੇ ਗੀਤ 'ਧੱਕਾ' ਦੀ ਫਰਮਾਇਸ਼ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕੀ ਮੈਂ ਇੰਨੇ ਸ਼ੋਅ ਕਰਦੀ ਹੈ, ਜਿੱਥੇ ਮੈਂ ਲੋਕਾਂ ਦੀ ਡਿਮਾਂਡ 'ਤੇ ਗੀਤ ਗਾ ਸਕਦੀ ਹਾਂ ਤਾਂ ਕੀ ਬੱਚਿਆਂ ਦੇ ਮੂੰਹ 'ਚੋਂ ਨਿਕਲਿਆ ਬੋਲ ਕਿਉਂ ਨਾ ਪੂਰਾ ਕਰਾਂ। ਮੇਰਾ ਗੀਤ ਧੱਕਾ ਇੰਨਾ ਹਿੱਟ ਹੋਇਆ ਤੇ ਬੱਚਿਆਂ ਨੇ ਮੈਨੂੰ ਉਸ ਦੀ ਡਿਮਾਂਡ ਕਰ ਦਿੱਤੀ। 

ਮੈਂ ਵੀ ਉਨ੍ਹਾਂ ਨੂੰ ਉਸ ਗੀਤ ਦੀਆਂ 2-4 ਲਾਈਨਾਂ ਸੁਣਾਈਆਂ, ਜਿਸ ਦੇ ਬੋਲ ਬੱਚਿਆਂ ਨੇ ਮੇਰੇ ਨਾਲ ਗਾਏ। ਉਨ੍ਹਾਂ ਦੱਸਿਆ ਕਿ ਉਸੇ ਸਕੂਲ ਤੋਂ ਮੇਰਾ ਸੰਘਰਸ਼ ਸ਼ੁਰੂ ਹੋਇਆ ਤੇ ਜਿਥੋਂ ਮੈਂ ਸਿੱਖ ਕੇ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੀ ਹਾਂ। ਮੈਂ ਉਨ੍ਹਾਂ ਨੂੰ ਵੀ ਇਹੀ ਉਦਾਹਰਣ ਦਿੱਤੀ ਕਿ ਸਟੱਡੀ ਦੇ ਨਾਲ-ਨਾਲ ਮੈਂ ਗਾਇਕੀ ਵਿਚ ਵੀ ਕਾਫੀ ਸੰਘਰਸ਼ ਕੀਤਾ ਹੈ। 

ਉਨ੍ਹਾਂ ਨੇ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਤੁਸੀਂ ਆਪਣਾ ਪਿਆਰ ਅਤੇ ਬਲੈਸਿੰਗ ਮੇਰੇ ਉੱਤੇ ਹਮੇਸ਼ਾ ਬਣਾ ਕੇ ਰੱਖੋ। ਮੈਂ ਭਰੋਸਾ ਦਿੰਦੀ ਹਾਂ ਕਿ ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੀ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਗੀਤ ਗਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਫਸਾਨਾ ਖਿਲਾਫ ਚੰਡੀਗੜ੍ਹ ਦੇ ਇਕ ਵਿਅਕਤੀ ਨੇ ਮੁਕਤਸਰ ਦੇ SSP ਕੋਲ ਸ਼ਿਕਾਇਤ ਦਰਜ ਕਰਵਾਈ ਸੀ।