1947 ਦੀ ਵੰਡ ਸਮੇਂ ਲੋਕਾਂ ਕਿਵੇਂ ਛੱਡੇ ਸਨ ਹੱਸਦੇ-ਵੱਸਦੇ ਘਰ ਨੂੰ ਦਰਸਾਉਂਦੀ ਹੈ ਫ਼ਿਲਮ ‘ਯਾਰਾ ਵੇ’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦੀ ਹੈ ਫ਼ਿਲਮ 'ਯਾਰਾ ਵੇ’

Yaara Ve

ਚੰਡੀਗੜ੍ਹ: ਇਕ ਕਾਲਪਨਿਕ ਪਿੰਡ ਚੱਕ-43 ਵਿਚ ਰਹਿੰਦੇ ਤਿੰਨ ਮਜ਼੍ਹਬਾਂ ਨੂੰ ਮੰਨਦੇ ਤਿੰਨ ਦੋਸਤ ਬੂਟਾ (ਗਗਨ ਕੋਕਰੀ), ਕਿਸ਼ਨ (ਰਘੂਵੀਰ ਬੋਲੀ) ਅਤੇ ਨੇਜ਼ੇ (ਯੁਵਰਾਜ ਹੰਸ) ਦੀ ਕਹਾਣੀ ਹੈ ਨਿਰਦੇਸ਼ਕ ਰਾਕੇਸ਼ ਮਹਿਤਾ ਵਲੋਂ ਬਣਾਈ ਗਈ ਫ਼ਿਲਮ ‘ਯਾਰਾ ਵੇ’। ਇਸ ਫ਼ਿਲਮ ਵਿਚ ਤਿੰਨਾਂ ਜਿਗਰੀ ਯਾਰਾਂ ਵਿਚ ਰੱਜ ਕੇ ਪ੍ਰੇਮ ਵਿਖਾਇਆ ਗਿਆ ਹੈ ਜੋ ਕਿ ਉਨ੍ਹਾਂ ਦੇ ਪਰਵਾਰਾਂ ਵਿਚ ਵੀ ਉਸੇ ਤਰ੍ਹਾਂ ਹੈ। ਫ਼ਿਲਮ ਵਿਚ ਵਿਖਾਏ ਗਏ ਵੰਡ ਤੋਂ ਪਹਿਲਾਂ ਦੇ ਮਾਹੌਲ ਨੂੰ ਵੇਖ ਕੇ ਦਿਲ ਖ਼ੁਸ਼ ਹੋ ਜਾਂਦਾ ਹੈ। ਮੁੱਖ ਭੂਮਿਕਾ ਗਗਨ ਕੋਕਰੀ ਦੀ ਹੈ। 

ਫ਼ਿਲਮ ਵਿਚ ਮੋਨਿਕਾ ਗਿੱਲ ਨਸੀਬੋ ਦੀ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਵਿਚ ਵੰਡ ਤੋਂ ਪਹਿਲਾਂ ਦੇ ਰਹਿਣ ਸਹਿਣ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਇਹ ਵੀ ਵਿਖਾਇਆ ਗਿਆ ਹੈ ਕਿ ਉਸ ਸਮੇਂ ਦੇ ਮਾਹੌਲ ਮੁਤਾਬਕ ਮੁੰਡੇ ਅਤੇ ਕੁੜੀ ਦੀ ਗੱਲਬਾਤ ਹੋਣੀ ਵੀ ਗੁਨਾਹ ਵਾਂਗੂੰ ਮੰਨੀ ਜਾਂਦੀ ਸੀ ਪਰ ਰਿਸ਼ਤੇ ਸੱਚੇ ਹੁੰਦੇ ਸਨ। ਫ਼ਿਲਮ ਦੇ ਪਹਿਲੇ ਅੱਧ ਵਿਚ ਫ਼ਿਲਮ ਦਾ ਮਾਹੌਲ ਹਲਕਾ ਫੁਲਕਾ ਹੀ ਹੈ। ਇਸ ਵਿਚ ਤਿੰਨੋਂ ਦੋਸਤਾਂ ਦੀਆਂ ਮਸਕਰੀਆਂ ਵਿਖਾਈਆਂ ਗਈਆਂ ਹਨ ਅਤੇ ਚੱਕ-43 ਦੇ ਵਸਨੀਕਾਂ ਵਿਚਲੀ ਪਿਆਰ ਭਰੀ ਨੋਕ-ਝੋਕ ਵੀ ਖ਼ੂਬ ਵਿਖਾਈ ਗਈ ਹੈ।  

ਫ਼ਿਲਮ ਦਾ ਦੂਜਾ ਭਾਗ ਕਾਫ਼ੀ ਭਾਵੁਕ ਹੈ। ਇਸ ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਪਿੰਡ ਵਾਲਿਆਂ ’ਤੇ ਅਤੇ ਰਿਸ਼ਤਿਆਂ ’ਤੇ ਹੋਇਆ ਅਸਰ ਵਿਖਾਇਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੀ ਵੰਡ ਦੋਵਾਂ ਮੁਲਕਾਂ ਦੀ ਇਕ ਅਜਿਹੀ ਸੱਚਾਈ ਹੈ ਜਿਸ ਨੂੰ ਇਤਿਹਾਸ ਭੁਲਾ ਨਹੀਂ ਸਕਦਾ। ਇਹ ਫ਼ਿਲਮ ਉਸ ਹਾਲਾਤ ਦੇ ਸ਼ਿਕਾਰ ਹੋਏ ਤਿੰਨ ਦੋਸਤਾਂ ਦੀ ਕਹਾਣੀ ਬਿਆਨ ਕਰਦੀ ਹੈ। ਤਿੰਨਾਂ ਮੁੱਖ ਕਲਾਕਾਰਾਂ ਨੇ ਬਹੁਤ ਹੀ ਸੋਹਣੀ ਭੂਮਿਕਾ ਨਿਭਾਈ ਹੈ। 

ਮੋਨਿਕਾ ਗਿੱਲ ਵੀ ਅਪਣੀ ਛਾਪ ਛੱਡਦੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਯੋਗਰਾਜ ਸਿੰਘ, ਬੀ.ਐਨ. ਸ਼ਰਮਾ, ਨਿਰਮਲ ਰਿਸ਼ੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ ਆਦਿ ਇਸ ਫ਼ਿਲਮ ਦੀ ਜਾਨ ਬਣ ਕੇ ਨਿਕਲਦੇ ਹਨ। ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਵੰਡ ਦੇ ਸੰਵੇਦਨਸ਼ੀਲ ਮੁੱਦੇ ਨੂੰ ਬੜੀ ਹੀ ਸੂਝ-ਬੂਝ ਨਾਲ ਨਿਭਾਇਆ ਹੈ। ਵੰਡ ਸਮੇਂ ਇਕ ਦੇਸ਼ ਤੋਂ ਦੂਜੇ ਦੇਸ਼ ਆਉਣ ਵਾਲੇ ਪੰਜਾਬੀਆਂ ਦੇ ਦਿਲ ਨੂੰ ਇਹ ਫ਼ਿਲਮ ਜ਼ਰੂਰ ਟੁੰਬੇਗੀ। 

ਅੱਜ ਦੇ ਸਮੇਂ ਵਿਚ ਜਦੋਂ ਦੇਸ਼ ਵਿਚ ਧਰਮ ਦੇ ਨਾਂਅ ’ਤੇ ਵੰਡੀਆਂ ਪੈ ਰਹੀਆਂ ਹਨ ਅਤੇ ਗੁਆਂਢੀ ਮੁਲਕ ਨਾਲ ਵੀ ਰਿਸ਼ਤੇ ਸੁਖਾਵੇਂ ਨਹੀਂ ਹਨ, ਅਜਿਹੇ ਸਮੇਂ ਇਸ ਫ਼ਿਲਮ ਦਾ ਆਉਣਾ ਦਰਸ਼ਕਾਂ ਲਈ ਇਕ ਪਿਆਰ ਦਾ ਸਬਕ ਹੈ। ਆਉਂਦੇ ਹਫ਼ਤੇ ਪਰਵਾਰ ਸਮੇਤ ਇਸ ਫ਼ਿਲਮ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ।