ਅਣਵੰਡੇ ਪੰਜਾਬ ਨੂੰ ਸਿਰਜਦੀ ਫ਼ਿਲਮ 'ਯਾਰਾ ਵੇ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਟ੍ਰੇਲਰ ਨੇ ਉਤਸੁਕਤਾ ਵਧਾਈ

Official poster of the upcoming movie 'Yaara Ve'

ਚੰਡੀਗੜ੍ਹ : ਪੰਜਾਬ ਦੇ ਅਤੀਤ ਦੀ ਅਸਲੀਅਤ ਹੈ 1947 ਦੀ ਵੰਡ। ਉਸ ਵੰਡ ਵਿਚੋਂ ਅਣਗਿਣਤ ਕਹਾਣੀਆਂ ਨਿਕਲੀਆਂ ਹਨ। ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਯਾਰਾ ਵੇ' ਵੀ ਇਕ ਅਜਿਹੀ ਹੀ ਕਹਾਣੀ ਹੈ ਜੋ ਕਿ ਅਣਵੰਡੇ ਪੰਜਾਬ ਦੇ ਕਿੱਸਿਆਂ ਵਿੱਚੋਂ ਨਿਕਲੀ ਹੈ। ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤੀ ਗਈ ਇਸ ਫ਼ਿਲਮ ਦਾ ਟ੍ਰੇਲਰ ਕਾਫ਼ੀ ਦਿਲਚਸਪ ਹੈ। ਟ੍ਰੇਲਰ ਦੀ ਸ਼ੁਰੂਆਤ ਵਿਚ ਹੀ ਕਹਾਣੀ ਦੀ ਭੂਮਿਕਾ ਬੰਨ੍ਹਦੇ ਹੋਏ ਕੰਨੀ ਪੈਂਦੀ ਹੈ ਗੁਰਦਾਸ ਮਾਨ ਦੀ ਆਵਾਜ਼।

ਸੂਫੀਆਨਾ ਆਵਾਜ਼ ਵਿਚ ਉਹ ਕਹਾਣੀ ਦਾ ਮੁੱਢ ਬੰਨ੍ਹਦੇ ਹਨ। ਕਹਾਣੀ ਵੰਡ ਤੋਂ ਪਹਿਲਾਂ ਦੇ ਅਣਵੰਡੇ ਪੰਜਾਬ ਦੀ ਹੈ, ਜਦੋਂ ਅੱਜ ਦੇ ਦੋਵੇਂ ਮੁਲਕ ਅਤੇ ਉਨ੍ਹਾਂ ਵਿਚਲੀ ਦੁਸ਼ਮਣੀ ਨਹੀਂ ਸੀ, ਸਿਰਫ਼ ਮੁਹੱਬਤ ਸੀ। ਕਹਾਣੀ ਦੇ ਮੁੱਖ ਕਿਰਦਾਰ ਹਨ ਬੂਟਾ, ਨੇਜਾ ਅਤੇ ਕਿਸ਼ਨਾ। ਟ੍ਰੇਲਰ ਵੇਖ ਕੇ ਜਾਪਦਾ ਹੈ ਕਿ ਤਿੰਨੋਂ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ ਪਰ ਪੱਕੇ ਦੋਸਤ ਹਨ। ਉਨ੍ਹਾਂ ਵਿਚਲਾ ਭਰਾਵਾਂ ਵਾਲਾ ਪਿਆਰ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਅੱਜ ਦੇਸ਼ ਦੇ ਭੜਕੇ ਹੋਏ ਮਿਜ਼ਾਜ ਵਿਚ ਇਹ ਕਹਾਣੀ ਇਕ ਤਾਜ਼ਾ ਹਵਾ ਦੇ ਬੁੱਲ੍ਹੇ ਵਾਂਗ ਜਾਪਦੀ ਹੈ।

ਫ਼ਿਲਮ ਦੀ ਅਦਾਕਾਰਾ ਨਸੀਬੋ ਦਾ ਕਿਰਦਾਰ ਹੈ, ਜਿਸ ਨੂੰ ਮੋਨਿਕਾ ਗਿੱਲ ਨੇ ਨਿਭਾਇਆ ਹੈ। ਉਹ ਇਕ ਇੰਟਰਨੈਸ਼ਨਲ ਮਾਡਲ ਰਹਿ ਚੁੱਕੀ ਹੈ ਅਤੇ ਬਾਲੀਵੁਡ 'ਚ ਵੀ ਕੰਮ ਕਰ ਚੁੱਕੇ ਹਨ। ਫ਼ਿਲਮ 'ਚ ਗਾਇਕ ਗਗਨ ਕੋਕਰੀ, ਯੁਵਰਾਜ ਹੰਸ ਅਤੇ ਰਘਵੀਰ ਬੋਲੀ ਤਿੰਨ ਦੋਸਤਾਂ ਦੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਯੋਗਰਾਜ ਸਿੰਘ, ਬੀ.ਐਨ. ਸ਼ਰਮਾ, ਸਰਦਾਰ ਸੋਹੀ, ਨਿਮਲ ਰਿਸ਼ੀ, ਰਾਣਾ ਜੰਗ ਬਹਾਦਰ ਵਰਗੇ ਚੋਟੀ ਦੇ ਕਲਾਕਾਰ ਵੀ ਇਸ ਫ਼ਿਲਮ 'ਚ ਨਜ਼ਰ ਆਉਣਗੇ। ਸਿਨੇਮਾ ਘਰਾਂ 'ਚ ਇਸ ਫ਼ਿਲਮ ਦੀ ਆਮਦ 5 ਅਪ੍ਰੈਲ ਨੂੰ ਹੋਵੇਗੀ।