'ਰੰਗ ਪੰਜਾਬ' ਪੰਜਾਬੀ ਦਰਸ਼ਕਾਂ ਦਾ ਰੁਝਾਨ ਤੈਅ ਕਰੇਗੀ : ਦੀਪ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਚਰਚਾ 'ਚ ਆਏ ਅਦਾਕਾਰ ਦੀਪ ਸਿੱਧੂ ਦੀ ਨਵੀਂ ਫ਼ਿਲਮ 'ਰੰਗ ਪੰਜਾਬ' ਇਸ ਮਹੀਨੇ 23 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਗੁਰਪ੍ਰੀਤ ...

Actor Deep Sidhu

23 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫ਼ਿਲਮ,   ਦੀਪ ਦੀ ਅਗਲੀ ਫ਼ਿਲਮ 'ਜੋਰਾ 10 ਨੰਬਰੀਆ ਅਧਿਆਇਕ ਦੋ' ਦਾ ਪੋਸਟਰ ਵੀ ਰਿਲੀਜ਼

ਚੰਡੀਗੜ੍ਹ  (ਸਸਸ) : ਪੰਜਾਬੀ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਚਰਚਾ 'ਚ ਆਏ ਅਦਾਕਾਰ ਦੀਪ ਸਿੱਧੂ ਦੀ ਨਵੀਂ ਫ਼ਿਲਮ 'ਰੰਗ ਪੰਜਾਬ' ਇਸ ਮਹੀਨੇ 23 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਗੁਰਪ੍ਰੀਤ ਭੁੱਲਰ ਦੀ ਲਿਖੀ ਅਤੇ ਰਾਕੇਸ਼ ਮਹਿਤਾ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਹਰ ਪਾਸੇ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਭਰਪੂਰ ਹੁੰਗਾਰਾ ਮਿਲਿਆ ਹੈ।

ਟ੍ਰੇਲਰ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਇਹ ਫ਼ਿਲਮ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਫ਼ਿਲਮ ਹੈ। ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਫ਼ਿਲਮ ਹੈ। ਨਿਰੋਲ ਰੂਪ 'ਚ ਮਨੋਰੰਜਨ ਭਰਪੂਰ ਇਹ ਫ਼ਿਲਮ ਪੰਜਾਬ ਦੇ ਉਨਾਂ ਰੰਗਾਂ ਦੀ ਗੱਲ ਕਰਦੀ ਹੈ, ਜੋ ਫਿੱਕੇ ਪੈ ਰਹੇ ਹਨ। ਸਮਾਜਿਕ ਮੁੱਦਿਆਂ ਨੂੰ ਉਭਾਰਦੀ ਇਸ ਫ਼ਿਲਮ 'ਚ ਉਸ ਨੇ ਇਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ।

ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਇਹ ਨੌਜਵਾਨ ਪੁਲਿਸ 'ਚ ਸਿੱਧਾ ਐਸ ਪੀ ਭਰਤੀ ਹੁੰਦਾ ਹੈ। ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਦਿਆਂ ਇਸ ਪੁਲਿਸ ਅਫ਼ਸਰ ਨੂੰ ਕਿਵੇਂ ਭ੍ਰਿਸ਼ਟ ਰਾਜਨੀਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਦੀਪ ਮੁਤਾਬਕ ਇਹ ਫ਼ਿਲਮ ਪੰਜਾਬ ਦੇ ਅਸਲ ਵਰਤਾਰੇ ਦੀ ਗੱਲ ਕਰਦੀ ਹੈ।

ਇਸ 'ਚ ਉਸ ਨਾਲ ਰੀਨਾ ਰਾਏ, ਕਰਤਾਰ ਚੀਮਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮਹਾਂਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਜਗਜੀਤ ਸਿੰਘ, ਬਨਿੰਦਰ ਬਨੀ ਅਤੇ ਗੁਰਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।  ਦੀਪ ਮੁਤਾਬਕ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਇਕ ਵੱਖਰੀ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰੇਗੀ। ਉਸ ਮੁਤਾਬਕ ਉਹ ਅਜਿਹੀਆਂ ਹੀ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦਾ ਹੈ, ਜੋ ਜ਼ਿੰਦਗੀ ਦੇ ਨੇੜੇ ਹੋਣ।

 ਹਾਲ 'ਚ ਹੀ ਉਸਦੀ ਅਗਲੀ ਫ਼ਿਲਮ 'ਜੋਰਾ 10 ਨੰਬਰੀਆ, ਅਧਿਆਇ ਦੋ' ਦਾ ਵੀ ਪੋਸਟਰ ਰਿਲੀਜ਼ ਹੋਇਆ। ਅਗਲੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਇਸ ਵੇਲੇ ਦੀਪ ਦੀਆਂ ਦੋ ਹੋਰ ਫ਼ਿਲਮਾਂ ਸਾਡੇ ਆਲੇ ਅਤੇ ਪਿੰਡ ਵੀ ਰਿਲੀਜ਼ ਲਈ ਤਿਆਰ ਹਨ। ਦੀਪ ਮੁਤਾਬਕ ਰੰਗ ਪੰਜਾਬ ਪੰਜਾਬੀ ਦਰਸ਼ਕਾਂ ਦਾ ਰੁਝਾਨ ਤੈਅ ਕਰੇਗੀ।