‘ਸਿੰਘਮ’ DSP ਅਤੁਲ ਸੋਨੀ ਪੰਜਾਬੀ ਫ਼ਿਲਮ ‘ਜੱਗਾ’ ‘ਚ ਕਰ ਰਿਹੈ ‘ਬਦਮਾਸ਼ੀ’

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਪਣੀ ਪਤਨੀ 'ਤੇ ਗੋਲੀ ਚਲਾਉਣ ਕਾਰਨ ਮੁਅੱਤਲ ਹੋਏ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੁਲ...

DSP Atul Soni

ਮੋਹਾਲੀ: ਅਪਣੀ ਪਤਨੀ 'ਤੇ ਗੋਲੀ ਚਲਾਉਣ ਕਾਰਨ ਮੁਅੱਤਲ ਹੋਏ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੁਲ ਸੋਨੀ ਹੁਣ ਇਕ ਪੰਜਾਬੀ ਫ਼ਿਲਮ 'ਚ ਖ਼ਲਨਾਇਕ (ਬਦਮਾਸ਼ ਜਾਂ ਵਿਲੇਨ) ਵਜੋਂ ਵਿਖਾਈ ਦੇਣਗੇ। 'ਜੱਗਾ-ਜਗਰਾਵਾਂ ਜੋਗਾ' ਨਾਂਅ ਦੀ ਇਹ ਫ਼ਿਲਮ ਵੈਲੇਨਟਾਈਨ ਡੇਅ ਮੌਕੇ 14 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 18 ਜਨਵਰੀ ਨੂੰ ਅਤੁਲ ਸੋਨੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ 'ਤੇ ਗੋਲੀ ਚਲਾਈ ਸੀ।

ਅਤੁਲ ਸੋਨੀ ਹੈਂਡਬਾਲ ਦੀ ਖੇਡ ਵਿਚ ਸਮੁੱਚੇ ਵਿਸ਼ਵ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁਕੇ ਹਨ। ਇਸ ਤੋਂ ਇਲਾਵਾ ਉਹ ਕੋਸੋਵੋ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਾ ਹਿੱਸਾ ਵੀ ਰਹਿ ਚੁੱਕੇ ਹਨ। ਅਤੁਲ ਸੋਨੀ ਉਂਝ 'ਸਿੰਘਮ' ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਹ ਬਾਡੀ-ਬਿਲਡਰ ਵੀ ਹਨ ਤੇ ਅਪਣੇ ਮਜ਼ਬੂਤ ਪੱਠਿਆਂ ਕਰ ਕੇ ਵੀ ਜਾਣੇ ਜਾਂਦੇ ਹਨ।

ਜਦ ਤੋਂ ਪਤਨੀ 'ਤੇ ਕਥਿਤ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ, ਤਦ ਤੋਂ ਅਤੁਲ ਸੋਨੀ ਦੀ ਕੋਈ ਉੱਘ-ਸੁੱਘ ਨਹੀਂ ਹੈ। ਉਂਝ ਉਹ ਅਪਣੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਉੱਤੇ ਫ਼ਿਲਮ 'ਜੱਗਾ' ਨੂੰ ਪ੍ਰੋਮੋਟ ਕਰਦੇ ਰਹੇ ਹਨ ਪਰ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਮੋਹਾਲੀ ਦੀ ਅਦਾਲਤ ਅਤੁਲ ਸੋਨੀ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਚੁਕੀ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕੀਤੀ ਜਾ ਚੁੱਕੀ ਹੈ।

ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜਿਸ ਹਥਿਆਰ ਨਾਲ ਗੋਲੀ ਚਲਾਈ ਗਈ ਸੀ, ਉਹ ਅਤੁਲ ਸੋਨੀ ਦੇ ਘਰ 'ਚੋਂ ਹੀ ਬਰਾਮਦ ਹੋ ਚੁੱਕਾ ਹੈ, ਇਸ ਲਈ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਬਹੁਤ ਜ਼ਰੂਰੀ ਹੈ। ਅਤੁਲ ਸੋਨੀ ਦੀ ਫ਼ਿਲਮ ਵੀ ਗੈਂਗਸਟਰਾਂ 'ਤੇ ਹੀ ਆਧਾਰਤ ਹੈ। ਬਤਰਾ ਸ਼ੋਅਬਿਜ਼ ਦੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ 'ਜੱਗਾ' ਵਿੱਚ ਇਕ ਵਿਅਕਤੀ ਨੂੰ ਮਜਬੂਰਨ ਅਪਰਾਧ ਜਗਤ ਵਿਚ ਜਾਣਾ ਪੈਂਦਾ ਹੈ।

ਇਸ ਵਿਚ ਮੁੱਖ ਭੂਮਿਕਾ 'ਵਿਹਲੀ ਜਨਤਾ' ਐਲਬਮ ਤੋਂ ਪ੍ਰਸਿੱਧ ਹੋਏ ਪੰਜਾਬੀ ਗਾਇਕ ਕੁਲਬੀਰ ਝਿੰਜਰ ਨੇ ਨਿਭਾਈ ਹੈ। ਪਹਿਲਾਂ ਇਹ ਫ਼ਿਲਮ ਪਿਛਲੇ ਸਾਲ 31 ਮਈ ਨੂੰ ਰਿਲੀਜ਼ ਹੋਣੀ ਸੀ ਪਰ ਇਹ ਫ਼ਿਲਮ ਸੈਂਸਰ ਬੋਰਡ ਦੇ ਇਤਰਾਜ਼ਾਂ ਵਿੱਚ ਕਿਤੇ ਫਸ ਗਈ ਸੀ।