ਸਦੀ ਦਾ ਮਹਾਨ ਗਾਇਕ ਅਤੇ ਲੋਕ ਗਾਥਾਵਾਂ ਦਾ ਬਾਦਸ਼ਾਹ: ਕੁਲਦੀਪ ਮਾਣਕ (ਭਾਗ-2)

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕੁਲਦੀਪ ਮਾਣਕ, ਪੰਜਾਬੀ ਗਾਇਕੀ ਦੀ ਹਰ ਵੰਨਗੀ ਵਿਚ ਗਾ ਸਕਣ ਦੀ ਕਾਬਲੀਅਤ ਰੱਖਣ ਵਾਲਾ........

Kuldeep Manak

ਚੰਡੀਗੜ੍ਹ (ਭਾਸ਼ਾ): ਕੁਲਦੀਪ ਮਾਣਕ, ਪੰਜਾਬੀ ਗਾਇਕੀ ਦੀ ਹਰ ਵੰਨਗੀ ਵਿਚ ਗਾ ਸਕਣ ਦੀ ਕਾਬਲੀਅਤ ਰੱਖਣ ਵਾਲਾ ਗਾਇਕ ਸੀ। ਉਸ ਨੇ, ਲੋਕ-ਗਾਥਾਵਾਂ ਦੇ ਨਾਲ-ਨਾਲ, ਭੈਣ-ਭਰਾ ਦੇ ਪਿਆਰ ਦੇ ਗੀਤ, ਲੋਕ-ਤੱਥ, ਉਦਾਸ ਅਤੇ ਬਿਰਹੋਂ ਦੇ ਗੀਤ, ਦੇਸ਼-ਭਗਤੀ ਦੇ ਗੀਤ, ਸੂਫ਼ੀ ਸੰਗੀਤ, ਭਗਤੀ ਸੰਗੀਤ, ਤਾਲ ਵਾਲੇ ਗੀਤ, ਦੋਗਾਣੇ, ਸਿੱਖੀ ਨਾਲ ਸਬੰਧਤ ਗੀਤ, ਇਤਿਹਾਸਕ ਵਾਰਾਂ ਅਤੇ ਪ੍ਰਸੰਗ, ਕਵਾਲੀ ਅਤੇ ਦਾਜ ਵਰਗੀਆਂ ਸਮਾਜਕ ਲਾਹਨਤਾਂ ਆਦਿ ਵਿਸ਼ਿਆਂ 'ਤੇ ਗਾ ਕੇ, ਪੰਜਾਬੀ ਗਾਇਕੀ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਸੁਪਰਹਿੱਟ ਪ੍ਰਸਿੱਧ ਲੋਕ-ਗਾਥਾਵਾਂ, ਦੋਗਾਣੇ ਤੇ ਗੀਤ ਹਨ।

ਮਾਣਕ ਦੀ ਗਾਇਕੀ ਐਨੀ ਦਮਦਾਰ ਅਤੇ ਮਕਬੂਲ ਸੀ ਕਿ ਪੰਜਾਬ ਦੇ ਸਿਰਕੱਢ ਗੀਤਕਾਰਾਂ ਅਤੇ ਸ਼ਾਇਰ ਕਵੀਆਂ ਦਾ ਹਜ਼ੂਮ ਹੀ ਉਸ ਨਾਲ ਤੁਰ ਪਿਆ। ਗੱਲ ਕਈ ਸਾਲ ਪੁਰਾਣੀ ਹੈ। ਮਾਣਕ ਸਾਹਿਬ, ਕੈਨੇਡਾ ਵਸਦੇ ਪੰਜਾਬੀਆਂ ਦੇ ਸੱਦੇ 'ਤੇ ਗਾਉਣ ਲਈ ਉਥੇ ਗਏ। ਉਥੇ ਮੇਲੇ ਵਿਚ ਬਹੁਤ ਭਾਰੀ ਇਕੱਠ ਸੀ। ਮੇਲੇ ਵਿਚ ਪੂਰਬੀ ਅਤੇ ਪਛਮੀ ਪੰਜਾਬ ਦੇ ਸਿਰਕੱਢ ਫ਼ਨਕਾਰ ਪਹੁੰਚੇ ਹੋਏ ਸਨ। ਪਾਕਿਸਤਾਨ ਦਾ ਮਕਬੂਲ ਗਾਇਕ ਆਲਮ ਲੁਹਾਰ ਵੀ ਇਸ ਮੇਲੇ ਵਿਚ ਪਹੁੰਚਿਆ ਹੋਇਆ ਸੀ। ਸਟੇਜ ਉਪਰ ਆਲਮ, ਇਧਰਲੇ ਗਾਉਣ ਵਾਲਿਆਂ ਨੂੰ ਟਿੱਚਰਾਂ ਕਰਨ ਲੱਗ ਪਿਆ, ''ਧਾਡੇ ਤਾਂ ਬੇ-ਸੁਰੇ, ਬੇਤਾਲੇ ਨੇ।

ਕਿਸੇ ਮੁਰਸ਼ਦ ਪੀਰ ਦੇ ਨਹੀਂ, ਬੁੱਢੀ ਦੇ ਢਿੱਡੋਂ ਸਿੱਖੇ-ਸਿਖਾਏ ਆ ਕੇ ਗਾਉਣ ਲੱਗ ਪੈਂਦੇ ਨੇ।” ਇਹ ਸੁਣ ਕੇ ਮਾਣਕ ਸਾਹਬ ਨੂੰ ਗੁੱਸਾ ਆ ਗਿਆ। ਆਲਮ ਨੂੰ ਕਹਿਣ ਲੱਗੇ, ''ਹੋਰ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ, ਤੂੰ ਮੇਰੇ ਨਾਲ ਟੱਕਰ ਲੈ ਇਸੇ ਸਟੇਜ 'ਤੇ, ਵੇਖ ਲੈਨੇ ਆਂ ਕੌਣ ਕਿੰਨੇ ਕੁ ਪਾਣੀ 'ਚ ਐ।” ਜਦੋਂ ਮਾਣਕ ਸਾਹਬ ਕਲੀ ਗਾਉਣ ਲੱਗੇ ਤਾਂ ਉਨ੍ਹਾਂ ਨੇ ਬਾਂਹ ਫੜ ਕੇ ਆਲਮ ਨੂੰ ਵੀ ਉਠਾ ਲਿਆ। ਮੱਠੀ ਸੁਰ ਵਿਚ ਗਾਉਣ ਵਾਲੇ ਆਲਮ ਤੋਂ, ਮਾਣਕ ਨਾਲ, ਉੱਚੀ ਸੁਰ ਵਿਚ ਗਾਇਆ ਨਾ ਗਿਆ। ਸਟੇਜ ਉਪਰ ਹੀ ਆਲਮ ਫਿੱਕਾ ਜਿਹਾ ਪੈ ਗਿਆ ਤੇ ਉਸ ਦਾ ਮੂੰਹ ਉਤਰ ਆਇਆ। ਲੋਕ ਤਾੜੀਆਂ ਤੇ ਕੂਕਾਂ ਮਾਰਨ ਲੱਗ ਪਏ।

ਹਾਰ ਕੇ ਆਲਮ ਕਹਿੰਦਾ ''ਛੋਟੇ ਭਰਾ, ਤੇਰਾ ਜਵਾਬ ਨੀ। ਅਸੀਂ ਬੁੱਢੇ ਬੰਦੇ ਤੇਰੀ ਕਿਥੇ ਬਰਾਬਰੀ ਕਰ ਸਕਨੇ ਆਂ।” ਇਕੱਲੇ ਮਾਣਕ ਸਾਹਿਬ ਨੇ, ਸਾਰੇ ਭਾਰਤੀ ਪੰਜਾਬੀ ਕਲਾਕਾਰਾਂ ਦੀ ਇੱਜ਼ਤ ਰੱਖ ਕੇ, ਕਹਿੰਦੇ-ਕਹਾਉਂਦੇ ਵਿਦੇਸ਼ੀ ਕਲਾਕਾਰ ਦੀ ਬੋਲਤੀ ਬੰਦ ਕਰਾ ਦਿਤੀ। ਮਾਣਕ ਸਾਹਬ ਨੂੰ ਸਰਕਾਰਾਂ ਨੇ ਅਣਗੌਲਿਆ ਰਖਿਆ। ਉਨ੍ਹਾਂ ਦੀ ਗਾਇਕੀ ਅੱਜ ਦੀ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ। ਉਹ ਰਾਸ਼ਟਰਪਤੀ ਪੁਰਸਕਾਰ ਦੇ ਅੱਜ ਵੀ ਹੱਕਦਾਰ ਹਨ ਕਿਉਂਕਿ ਪੰਜਾਬੀ ਗਾਇਕੀ ਦੀ ਹਰ ਵੰਨਗੀ ਵਿਚ ਗਾਉਣ ਦੀ ਕਲਾ ਉਨ੍ਹਾਂ ਵਿਚ ਸੀ, ਅਜਿਹਾ ਕੋਈ ਕਲਾਕਾਰ ਅਜੇ ਪੈਦਾ ਨਹੀਂ ਹੋਇਆ।

ਮਾਣਕ ਸਾਹਬ ਦਾ ਜਨਮ ਸਾਨੂੰ ''ਨਵੀਂ ਲੋਕ-ਗਾਥਾ ਦਿਵਸ” ਵਜੋਂ ਮਨਾਉਣਾ ਚਾਹੀਦਾ ਹੈ। ਅਪਣੀ ਜ਼ਿੰਦਗੀ ਵਿਚ, ਕਈ ਵਾਰ, ਵਗਦੀਆਂ ਹਵਾਵਾਂ ਦਾ ਸਾਹਮਣਾ ਕਰ ਕੇ, ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਵਾਲਾ ਕੁਲਦੀਪ ਮਾਣਕ, ਅਪਣੇ ਇਕਲੌਤੇ ਪੁੱਤਰ ਦਾ ਦੁੱਖ ਨਾ ਸਹਾਰਦਾ ਹੋਇਆ ਮੰਜੇ ਉਤੇ ਪੈ ਗਿਆ। ਸਮੁਚੀ ਪੰਜਾਬੀਅਤ ਨੂੰ ਖ਼ੁਸ਼ੀਆਂ ਵੰਡਣ ਵਾਲਾ ਮਾਣਕ, ਅਪਣੇ ਦੁਖ ਨਾਲ ਲੈ ਕੇ, 30 ਨਵੰਬਰ, 2011 ਨੂੰ, ਸਾਨੂੰ ਸਦਾ ਲਈ ਅਲਵਿਦਾ ਆਖ ਗਿਆ। ਦੁਖ ਦੀ ਘੜੀ ਦੇ ਇਸ ਦੌਰ ਵਿਚੋਂ ਗੁਜ਼ਰਦਿਆਂ, ਸੰਸਾਰ ਦੇ ਹਰ ਕੋਨੇ ਵਿਚ ਵਸਦੇ ਪੰਜਾਬੀਆਂ ਨੇ, ਦੁਖ ਦਾ ਪ੍ਰਗਟਾਵਾ ਕਰਦਿਆਂ, ਖੁਲ੍ਹ ਕੇ ਪ੍ਰਵਾਰ ਦੀ ਮਦਦ ਕੀਤੀ।

ਉਸ ਨੂੰ ਚਾਹੁਣ ਵਾਲੇ ਗਾਇਕ ਅਤੇ  ਸਰੋਤੇ, ਸੜਕਾਂ ਤੇ ਰੋਂਦੇ ਵੇਖੇ ਗਏ। ਮਾਣਕ ਨੂੰ ਉਸ ਦੇ ਜੱਦੀ ਪਿੰਡ ਜਲਾਲ ਦੇ ਕਬਰਸਤਾਨ ਵਿਚ ਸਪੁਰਦ-ਏ-ਖ਼ਾਕ ਕਰਨ ਸਮੇਂ, ਪੰਜਾਬ ਦੇ ਲਗਭਗ ਸਾਰੇ ਕਲਾਕਾਰ, ਸਿਆਸੀ ਪਾਰਟੀਆਂ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ, ਨਿਜੀ ਤੌਰ 'ਤੇ ਹਾਜ਼ਰ ਹੋਏ। ਮਾਣਕ ਸਾਹਬ ਨੂੰ, ਸ਼ਰਧਾਂਜਲੀ ਵਜੋਂ, ਦੇਸ਼-ਵਿਦੇਸ਼ ਦੇ ਲਗਭਗ ਸਾਰੇ ਪੰਜਾਬੀ ਟੀ.ਵੀ.ਚੈਨਲਾਂ ਤੋਂ ਵਿਸ਼ੇਸ਼ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਗਿਆ। ਵਿਦੇਸ਼ਾਂ ਵਿਚ ਜਦੋਂ ਉਨ੍ਹਾਂ ਦੀ ਦਸਤਾਵੇਜ਼ੀ ਫ਼ਿਲਮ ਵਿਖਾਈ ਗਈ ਤਾਂ ਸਰੋਤਿਆਂ ਨੇ ਅੱਖਾਂ ਭਰ ਲਈਆਂ। ਮਾਲਵੇ ਦੇ ਪਿੰਡ ਜਲਾਲ ਦੀ ਮਿੱਟੀ ਵਿਚ ਪੈਦਾ ਹੋਇਆ ਪੰਜਾਬੀ  ਮਾਂ-ਬੋਲੀ ਦਾ ਇਹ ਸਰਵਣ ਪੁੱਤਰ,

ਸਾਰੀ ਉਮਰ, ਅਪਣੇ ਗੀਤਾਂ ਅਤੇ ਲੋਕ-ਗਾਥਾਵਾਂ ਵਿਚ 'ਪਿੰਡ ਜਲਾਲ' ਦਾ ਨਾਂ ਲੈ ਕੇ ਗਾਉਂਦਾ ਰਿਹਾ। ਪਿੰਡ ਜਲਾਲ ਦਾ ਨਾਂ ਅੰਤਰਰਾਸ਼ਟਰੀ ਨਕਸ਼ੇ ਉਤੇ ਲਿਆਉਣ ਵਿਚ ਉਸ ਨੇ 100 ਫ਼ੀ ਸਦੀ ਯੋਗਦਾਨ ਪਾਇਆ। ਚੰੰਗਾ ਹੁੰਦਾ ਜੇ ਉਸ ਦੀ ਜਨਮ ਭੂਮੀ 'ਤੇ ਉਸ ਦੀ ਕੋਈ ਢੁਕਵੀਂ ਯਾਦਗਾਰ ਹੁੰਦੀ। ਅੱਜ, ਇਕ ਕਬਰ ਜਾਂ ਜੱਦੀ ਨਿਵਾਸ ਤੋਂ ਬਿਨਾਂ, ਉਸ ਦੀ, ਉਥੇ ਕੋਈ ਯਾਦਗਾਰ, ਮੌਤ ਤੋਂ ਬਾਅਦ ਨਹੀਂ ਬਣਾਈ ਗਈ। ਕੁਲਦੀਪ ਮਾਣਕ ਯਾਦਗਾਰੀ ਸੁਸਾਇਟੀ (ਰਜਿ.) ਲੁਧਿਆਣਾ ਵਲੋਂ, ਸਮੂਹ ਪ੍ਰਸ਼ੰਸਕਾਂ ਦੇ ਸਹਿਯੋਗ ਨਾਲ, ਲੁਧਿਆਣਾ-ਫਿਰੋਜ਼ਪੁਰ ਰੋਡ ਉਤੇ, ਚੌਕ ਭਾਈ ਰਣਧੀਰ ਸਿੰਘ ਨਗਰ ਵਿਖੇ,

ਕੁਲਦੀਪ ਮਾਣਕ ਦਾ ਇਕ ਯਾਦਗਾਰੀ ਬੁੱਤ ਸਥਾਪਤ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਮਾਣਕ ਸਾਹਬ ਦੀ ਪੰੰਜਵੀਂ ਬਰਸੀ ਰਾਏਕੋਟ-ਬਰਨਾਲਾ ਰੋਡ 'ਤੇ, ਪਿੰਡ ਜਲਾਲਦੀਵਾਲ ਵਿਖੇ, ਉਸ ਦੇ ਪ੍ਰਸ਼ੰਸਕਾਂ ਅਤੇ ਪ੍ਰਵਾਰ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਜਿਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਦੇਸ਼-ਵਿਦੇਸ਼ ਤੋਂ ਕਲਾ ਪ੍ਰੇਮੀ ਪੁੱਜ ਕੇ 29 ਅਤੇ 30 ਨਵੰਬਰ ਨੂੰ ਅਪਣੇ ਹਰਮਨ ਪਿਆਰੇ ਫ਼ਨਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।