ਨਾਮਵਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਦੇਹਾਂਤ, ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਲਏ ਆਖਰੀ ਸਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿਚ ਕੀਤਾ ਸੀ ਕੰਮ

Gurcharan Singh Channi

ਚੰਡੀਗੜ੍ਹ: ਪੰਜਾਬੀ ਫਿਲਮਾਂ ਅਤੇ ਥੀਏਟਰ ਦੇ ਨਾਮਵਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। ਉਹ ਇੱਥੇ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।

ਦੱਸ ਦਈਏ ਕਿ ਗੁਰਚਰਨ ਸਿੰਘ ਚੰਨੀ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਸਾਬਕਾ ਮੁਖੀ ਅਤੇ ਸੇਵਾ ਡਰਾਮਾ ਰਿਪੋਰਟਰੀ ਕੰਪਨੀ ਦੇ ਨਿਰਦੇਸ਼ਕ ਸਨ। ਉਹ ਪਿਛਲੇ ਚਾਲੀ ਸਾਲਾਂ ਤੋਂ ਰੰਗਮੰਚ ਨਾਲ ਜੁੜੇ ਹੋਏ ਸਨ, ਉਹਨਾਂ ਕਈ ਪੰਜਾਬੀ ਤੇ ਹਿੰਦੀ ਟੀਵੀ ਸੀਰੀਅਲਾਂ ਵਿਚ ਵੀ ਕੰਮ ਕੀਤਾ।

ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਇੰਡੀਅਨ ਥਿਏਟਰ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ, ਸਮੇਤ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਪੁਰਾਣੇ ਵਿਦਿਆਰਥੀ ਸਨ। ਗੁਰਚਰਨ ਸਿੰਘ ਚੰਨੀ ਨੇ ‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿਚ ਅਦਾਕਾਰ ਵਜੋਂ ਕੰਮ ਕੀਤਾ ਹੈ। ਉਹ ਅਪਣੇ ਪਿੱਛੇ ਪਤਨੀ ਇਲਾਵਾ ਇਕ ਬੇਟੀ ਅਤੇ ਬੇਟਾ ਛੱਡ ਗਏ ਹਨ।