ਮਾਈ ਭਾਗੋ' 'ਤੇ ਗ਼ਲਤ ਗਾਣੇ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਮੰਗੀ ਮੁਆਫ਼ੀ

ਏਜੰਸੀ

ਮਨੋਰੰਜਨ, ਪਾਲੀਵੁੱਡ

ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਆਏ ਸਿੱਧੂ ਮੂਸੇਵਾਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਿੱਖ ਸੰਗਤ ਪਾਸੋਂ ਮੁਆਫ਼ੀ ਮੰਗ ਲਈ ਹੈ।

Punjabi singer sidhu moose wala apologizes

ਚੰਡੀਗੜ੍ਹ : ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਆਏ ਸਿੱਧੂ ਮੂਸੇਵਾਲਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਿੱਖ ਸੰਗਤ ਪਾਸੋਂ ਮੁਆਫ਼ੀ ਮੰਗ ਲਈ ਹੈ। 'ਅੜਬ ਮੁਟਿਆਰਾਂ' ਫਿਲਮ ਲਈ ਗਾਏ ਅਪਣੇ ਗੀਤ 'ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ' ਵਿਚ ਸਿੱਧੂ ਮੂਸੇਵਾਲਾ ਨੇ ਮਹਾਨ ਸਿੱਖ ਔਰਤ ਮਾਈ ਭਾਗੋ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਸੀ ਪਰ ਜਿਵੇਂ ਹੀ ਮੂਸੇਵਾਲੇ ਦਾ ਇਹ ਗਾਣਾ ਸੋਸ਼ਲ ਮੀਡੀਆ 'ਤੇ ਆਇਆ, ਓਵੇਂ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ।ਜਿਸ ਮਗਰੋਂ ਹੁਣ ਸਿੱਧੂ ਮੂਸੇਵਾਲੇ ਨੇ ਇਸ ਗੀਤ 'ਤੇ ਮੁਆਫ਼ੀ ਮੰਗਦੇ ਹੋਏ ਗੀਤ ਦੇ ਬੋਲਾਂ ਨੂੰ ਲੈ ਕੇ ਸਫ਼ਾਈ ਵੀ ਪੇਸ਼ ਕੀਤੀ।

ਕੁੱਝ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਵੱਲੋਂ ਅਪਣੇ ਗਾਣੇ 'ਤੇ ਸਫ਼ਾਈ ਦਿੰਦਿਆਂ ਇਹ ਮੁਆਫ਼ੀ ਮੰਗੀ ਹੈ। ਉਸ ਤੋਂ ਇੰਝ ਜਾਪਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਅਹਿਸਾਸ ਨਹੀਂ ਹੈ ਕਿ ਉਸ ਨੇ ਕੁੱਝ ਗ਼ਲਤ ਕੀਤਾ ਹੈ ਨਹੀਂ ਤਾਂ ਉਹ ਅਪਣੇ ਗਾਣੇ 'ਤੇ ਸਫ਼ਾਈਆਂ ਕਿਉਂ ਦਿੰਦਾ। ਸਿੱਖਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਅੱਧੇ ਅਧੂਰੇ ਕੱਪੜਿਆਂ ਵਾਲੀ ਕੁੜੀ ਦੀ ਤੁਲਨਾ 'ਸਿੱਖ ਕੌਮ ਦੀ ਸ਼ੇਰਨੀ ਮਾਈ ਭਾਗੋ ਨਾਲ ਕਿਵੇਂ ਕਰ ਸਕਦਾ ਹੈ। ਮੂਸੇਵਾਲੇ ਦਾ ਇਹ ਗਾਣਾ ਆਉਣ ਮਗਰੋਂ ਜਿੱਥੇ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਕੁਮੈਂਟਾਂ ਜ਼ਰੀਏ ਉਸ ਦੀ ਰੇਲ ਬਣਾਈ ਜਾ ਰਹੀ ਹੈ।

ਉਥੇ ਹੀ ਕੁੱਝ ਸਿੱਖ ਆਗੂਆਂ ਵੱਲੋਂ ਵੀਡੀਓ ਜਾਰੀ ਕਰਕੇ ਵੀ ਸਿੱਧੂ ਮੂਸੇਵਾਲੇ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖ ਕੌਮ ਵਿਰੁੱਧ ਸੋਚ ਸਮਝ ਕੇ ਬੋਲਣ ਦੀ ਤਾਕੀਦ ਕੀਤੀ ਜਾ ਰਹੀ ਹੈ। ਕੁੱਝ ਸਿੱਖਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿੱਧੇ ਤੌਰ 'ਤੇ ਸਿੱਖ ਇਤਿਹਾਸ ਦੀ ਛੇੜਛਾੜ ਨਾਲ ਜੁੜਿਆ ਹੋਇਆ ਹੈ। ਇਸ ਲਈ ਇਸ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਸਿੱਧੂ ਮੂਸੇਵਾਲੇ ਵੱਲੋਂ ਭਾਵੇਂ ਆਪਣੀ ਇਸ ਹਰਕਤ 'ਤੇ ਮੁਆਫ਼ੀ ਮੰਗ ਲਈ ਗਈ ਹੈ ਪਰ ਕੀ ਸਿੱਧੂ ਮੂਸੇਵਾਲੇ ਦੀ ਇਹ ਮੁਆਫ਼ੀ ਸਿੱਖ ਜਥੇਬੰਦੀਆਂ ਦੇ ਗੁੱਸੇ ਨੂੰ ਸ਼ਾਂਤ ਕਰ ਸਕੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।