ਸੰਗੀਤ ਦਿਵਸ ਮੌਕੇ ਸਰਤਾਜ ਨੇ ਸਤਲੁਜ ਨਦੀ ਨੂੰ ਸਮਰਪਿਤ ਕੀਤਾ ‘ਦਰਿਆਈ ਤਰਜ਼ਾਂ’ ਦਾ ਪਹਿਲਾ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਸੂਫ਼ੀ ਕਲਾਕਾਰ ਸਤਿੰਦਰ ਸਰਤਾਜ ਦੀ ਨਵੀਂ ਐਲਬਮ ‘ਦਰਿਆਈ ਤਰਜ਼ਾਂ’ (Seven rivers) ਦਾ ਪਹਿਲਾ ਗਾਣਾ ਅੱਜ ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ ਰੀਲੀਜ਼ ਹੋ ਗਿਆ ਹੈ।

SATINDER SARTAAJ

ਪੰਜਾਬੀ ਸੂਫ਼ੀ ਕਲਾਕਾਰ ਸਤਿੰਦਰ ਸਰਤਾਜ ਦੀ ਨਵੀਂ ਐਲਬਮ ‘ਦਰਿਆਈ ਤਰਜ਼ਾਂ’ (Seven rivers) ਦਾ ਪਹਿਲਾ ਗਾਣਾ ਅੱਜ ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ ਰੀਲੀਜ਼ ਹੋ ਗਿਆ ਹੈ। ਉਹਨਾਂ ਨੇ ਅਪਣੀ ਇਸ ਐਲਬਮ ਦਾ ਪਹਿਲਾ ਗਾਣਾ ਸਤਲੁਜ ਨਦੀ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਗਾਣੇ ਦਾ ਨਾਂਅ ‘ਗੁਰਮੁਖੀ ਦਾ ਬੇਟਾ’ ਹੈ। ਸਤਿੰਦਰ ਸਰਤਾਜ ਦੀ ਇਸ ਐਲਬਮ ਵਿਚ 7 ਗਾਣੇ ਹਨ ਅਤੇ ਸਾਰੇ ਗਾਣੇ 7 ਨਦੀਆਂ ਨੂੰ ਸਮਰਪਿਤ ਹਨ।

ਸਤਿੰਦਰ ਸਰਤਾਜ ਨੇ ਅਪਣੀ ਨਵੀਂ ਐਲਬਮ ਦੇ ਪਹਿਲੇ ਗਾਣੇ ਸਬੰਧੀ ਇੰਸਟਾਗ੍ਰਾਮ ‘ਤੇ ਵੀ ਪੋਸਟ ਕੀਤਾ ਹੈ। ਉਹਨਾਂ ਦੇ ਇਸ ਗਾਣੇ ਨੂੰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਖ਼ੂਬਸੁਰਤ ਬੋਲ ਵੀ ਸਤਿੰਦਰ ਸਰਤਾਜ ਵੱਲੋਂ ਹੀ ਲਿਖੇ ਗਏ ਹਨ। ਇਸ ਗਾਣੇ ਦਾ ਸੰਗੀਤ ਬੀਟ ਮਿਨਿਸਟਰ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਦੀ ਸ਼ੂਟਿੰਗ ਗਿਪਸਲੈਂਡ ਵਿਚ ਕੀਤੀ ਗਈ ਹੈ, ਜੋ ਕਿ ਦੱਖਣ ਪੁਰਬੀ ਆਸਟਰੇਲੀਆ ਦੇ ਪ੍ਰਸ਼ਾਂਤ ਮਹਾਂਸਾਗਰ ਤੱਟ ‘ਤੇ ਸਥਿਤ ਹੈ। ਸੰਦੀਪ ਸ਼ਰਮਾ ਵੱਲੋਂ ਡਾਇਰੈਕਟ ਕੀਤੇ ਗਏ ਇਸ ਗਾਣੇ ਨੂੰ ਸਾਗਾ ਮਿਊਜ਼ਿਕ ਨੇ ਪੇਸ਼ ਕੀਤਾ ਹੈ।  

ਦੱਸ ਦਈਏ ਕਿ ਪੰਜਾਬੀਆਂ ਦੇ ਚਹੇਤੇ ਕਲਾਕਾਰ ਸਰਤਾਜ ਨੇ ਪਹਿਲਾਂ ਹੀ ਇਸ ਐਲਬਮ ਦਾ ਪੋਸਟਰ ਅਪਣੇ ਫੈਨਜ਼ ਨਾਲ ਸਾਂਝਾ ਕੀਤਾ ਸੀ। ਉਹਨਾਂ ਨੇ ਲਿਖਿਆ ਸੀ ਕਿ ਇਹ ਐਲਬਮ ਉਹਨਾਂ ਨੇ ਅਪਣੀ ਮਾਤਭੂਮੀ ਅਤੇ 7 ਨਦੀਆਂ ਨੂੰ ਸਮਰਪਿਤ ਕੀਤੀ ਹੈ। ਉਹਨਾਂ ਦੀ ਇਸ ਐਲਬਮ ਵਿਚ ਹੇਠ ਲਿਖੇ ਸੱਤ ਗਾਣੇ ਹਨ:

-ਗੁਰਮੁਖੀ ਦਾ ਬੇਟਾ (ਸਤਲੁਜ)

-ਪਿਆਰ ਦੇ ਮਰੀਜ਼ (ਝਨਾਬ)

-ਤਵੱਜੋ (ਸਿੰਧ)

-ਹਮਾਇਤ (ਬਿਆਸ)

-ਬਾਕੀ ਜਿਵੇਂ ਕਹੋਗੇ (ਜਿਹਮਲ)

-ਦਹਿਲੀਜ਼ (ਘੱਗਰ)

-ਮਤਵਾਲੀਏ (ਰਾਵੀ)

ਇਸ ਤੋਂ ਪਹਿਲਾਂ ਵੀ ਸਰਤਾਜ ਨੇ ਪੰਜ ਪਾਣੀਆਂ ਨੂੰ ਸਮਰਪਿਤ ਗੀਤ ‘ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ’ ਦਰਸ਼ਕਾਂ ਦੀ ਝੋਲੀ ਪਾਇਆ ਸੀ। ਜਿਸ ਕਾਰਨ ਉਹਨਾਂ ਨੇ ਪੰਜਾਬੀ ਸੰਗੀਤ ਜਗਤ ਵਿਚ ਅਪਣੀ ਥਾਂ ਬਣਾ ਲਈ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਰਸ਼ਕਾਂ ਵੱਲੋਂ ਸਰਤਾਜ ਦੇ ਗਾਣਿਆਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਸਰਤਾਜ ਦੇ ‘ਉਡਾਰੀਆਂ’, ‘ਤੇਰੇ ਵਾਸਤੇ’, ‘ਮਾਸੂਮੀਅਤ’, ‘ਮੈਂ ਤੇ ਮੇਰੀ ਜਾਨ’, ‘ਨਿਲਾਮੀ’, ‘ਰਸੀਦ’ ਆਦਿ ਗੀਤਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ।