ਸਿੱਧੂ ਮੂਸੇਵਾਲਾ ਦੇ ਪਿੰਡੋਂ ਆਈ ਇਸ ਮਾੜੀ ਖਬਰ ਨੇ ਪਾਇਆ ਭੜਥੂ

ਏਜੰਸੀ

ਮਨੋਰੰਜਨ, ਪਾਲੀਵੁੱਡ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ 'ਚ ਡਾਕ ਰਾਹੀਂ ਆਇਆ ਪ੍ਰਸ਼ਾਦ ਖਾਣ ਨਾਲ ਕਈ ਲੋਕ ਬਿਮਾਰ ਹੋ ਗਏ। ਇਹ ਪ੍ਰਸ਼ਾਦ ਕਿੱਥੋਂ

Village Musa

ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ 'ਚ ਡਾਕ ਰਾਹੀਂ ਆਇਆ ਪ੍ਰਸ਼ਾਦ ਖਾਣ ਨਾਲ ਕਈ ਲੋਕ ਬਿਮਾਰ ਹੋ ਗਏ। ਇਹ ਪ੍ਰਸ਼ਾਦ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਨਸਾ ਦੇ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੂਸਾ ਵਿਚ ਮੰਗਲਵਾਰ ਸਵੇਰੇ ਡਾਕੀਏ ਗੁਰਦੀਪ ਸਿੰਘ ਨੇ ਪਿੰਡ ਦੇ ਕੁਝ ਲੋਕਾਂ ਨੂੰ ਡਾਕ ਰਾਹੀਂ ਆਏ ਪ੍ਰਸ਼ਾਦ ਦੇ 15 ਪੈਕਟ ਵੰਡੇ।

ਇਸ ਪੈਕਟ 'ਤੇ ਪ੍ਰਸ਼ਾਦ ਹੋਣ ਦੀ ਸੂਚਨਾ ਵੀ ਲਿਖੀ ਹੋਈ ਸੀ ਅਤੇ ਦੱਸਿਆ ਗਿਆ ਸੀ ਕਿ ਇਸ ਵਿਚਲਾ ਭੋਗ 19 ਨਵੰਬਰ ਨੂੰ ਆਰਤੀ ਕਰ ਕੇ ਵੰਡਿਆ ਜਾਵੇਗਾ।ਇਸ ਲਈ ਜਿਸ ਨੂੰ ਵੀ ਇਹ ਪੈਕਟ ਮਿਲੇ, ਉਹ ਸਵੇਰੇ 7. 20 'ਤੇ ਮੰਗਲਵਾਰ ਨੂੰ ਭੋਗ ਲਾਵੇ ਅਤੇ ਅਰਦਾਸ ਸਮੇਂ ਉਸ ਦਾ ਨਾਮ ਲਿਆ ਜਾਵੇਗਾ। ਡਾਕ ਵਿਚਲੇ ਪੱਤਰ ਉੱਪਰ ਭੇਜਣ ਵਾਲੇ ਦਾ ਨਾਂ 'ਸੰਤ ਹਰ ਕਾ ਦਾਸ, ਸਭ ਕਾ ਦਾਸ' ਲਿਖਿਆ ਹੋਇਆ ਹੈ। ਇਹ ਪ੍ਰਸ਼ਾਦ ਕੁਝ ਵਿਅਕਤੀਆਂ ਨੇ ਖਾ ਲਿਆ ਅਤੇ ਉਨ੍ਹਾਂ ਦਾ ਸਿਰ ਚਕਰਾਉਣ ਲੱਗ ਪਿਆ।

ਪਿੰਡ ਵਾਸੀਆਂ ਮੁਤਾਬਕ ਉਹ ਪ੍ਰਸ਼ਾਦ ਖਾਣ ਮਗਰੋਂ ਬਿਮਾਰ ਹੋ ਗਏ ਅਤੇ ਦਵਾਈ ਲੈਣ ਮਗਰੋਂ ਹੀ ਕੁਝ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਸ਼ਾਦ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲੇ ਹੋਣ ਦਾ ਸ਼ੱਕ ਹੈ। ਉਨ੍ਹਾਂ ਅਨੁਸਾਰ ਕਰੀਬ ਛੇ ਪੈਕਟ ਪ੍ਰਸ਼ਾਦ ਵਜੋਂ ਵਰਤੇ ਗਏ ਅਤੇ ਕੁਝ ਪੈਕਟ ਨੇੜਲੇ ਪਿੰਡ ਕਰਮਗੜ੍ਹ, ਔਤਾਂਵਾਲੀ ਅਤੇ ਭੈਣੀਬਾਘਾ ਵਿਚ ਵੀ ਵੰਡੇ ਗਏ ਹਨ। ਮਗਰੋਂ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਨੇ ਸਪੀਕਰ ਰਾਹੀਂ ਇਹ ਪ੍ਰਸ਼ਾਦ ਨਾ ਖਾਣ ਸਬੰਧੀ ਅਨਾਊਂਸਮੈਂਟ ਵੀ ਕੀਤੀ।

ਕੀ ਕਹਿਣਾ ਹੈ ਪੈਕਟ ਵੰਡਣ ਵਾਲੇ ਡਾਕੀਏ ਦਾ
ਡਾਕੀਏ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਖ਼ੁਦ ਪ੍ਰਸ਼ਾਦ ਖਾਧਾ ਅਤੇ ਬਿਮਾਰ ਹੋ ਗਿਆ। ਇਹ ਪ੍ਰਸ਼ਾਦ ਕਿਸ ਵੱਲੋਂ ਭੇਜਿਆ ਗਿਆ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਪੈਕਟਾਂ ਵਿਚ ਪ੍ਰਸ਼ਾਦ ਹੈ, ਇਸ ਦਾ ਪਤਾ ਵੀ ਲੋਕਾਂ ਵੱਲੋਂ ਪੈਕਟ ਖੋਲ੍ਹਣ ਮਗਰੋਂ ਲੱਗਿਆ। ਉਨ੍ਹਾਂ ਕਿਹਾ ਕਿ ਲਿਖੇ ਪਤਿਆਂ ਅਨੁਸਾਰ ਹੀ ਇਹ ਪੈਕਟ ਡਿਊਟੀ ਮੁਤਾਬਕ ਦਿੱਤੇ ਗਏ ਹਨ।

ਕੀ ਕਹਿਣਾ ਹੈ ਐੱਸ. ਐੱਸ. ਪੀ
ਮਾਨਸਾ ਦੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਨਸਾ ਸਦਰ ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਪ੍ਰਸ਼ਾਦ ਦੇ ਸਾਰੇ ਪੈਕਟ ਕਬਜ਼ੇ ਵਿਚ ਲੈ ਲਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।