ਮੁੜ ਵਿਵਾਦਾਂ 'ਚ ਸਿੱਧੂ ਮੂਸੇਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ

Sidhu Moose Wala

ਅੰਮ੍ਰਿਤਸਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤ 'ਜੱਟੀ ਜਿਉਣੇ ਮੌੜ ਵਰਗੀ' ਵਿਚ ਮਾਈ ਭਾਗੋ ਦਾ ਜ਼ਿਕਰ ਕਰ ਕੇ ਮੁੜ ਵਿਵਾਦਾਂ 'ਚ ਘਿਰ ਗਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੱਥ ਲਿਖਤ ਜਾਰੀ ਬਿਆਨ 'ਚ ਕਿਹਾ ਹੈ ਕਿ ਗਾਇਕ ਸਿੱਧੂ ਮੂਸੇ ਵਾਲਾ, ਜਿਸ ਨੇ ਗਾਣੇ ਵਿਚ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਦੇ ਨਾਂ ਦੀ ਦੁਰਵਰਤੋਂ ਕੀਤੀ ਸੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਵੀ ਕਾਰਵਾਈ ਚੱਲ ਰਹੀ ਹੈ ਪਰ ਹਾਲੇ ਤਕ ਕਾਰਵਾਈ ਮੁਕੰਮਲ ਨਹੀਂ ਹੋ ਸਕੀ। ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੇ ਹੁਣ ਵਿਦੇਸ਼ ਵਿੱਚ ਉਹੀ ਗਾਣਾ ਦੁਬਾਰਾ ਬੋਲਿਆ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਨੂੰ ਗਹਿਰੀ ਠੇਸ ਪਹੁੰਚੀ ਹੈ। ਇਸ ਲਈ ਸਿੰਘ ਸਾਹਿਬ ਨੇ ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਤੋਂ ਪੁੱਜੀ ਇਕ ਹੋਰ ਸ਼ਿਕਾਇਤ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਗੁਰਦੁਆਰਾ ਸਿੰਘ ਸਭਾ ਭੋਗਲ ਦਿੱਲੀ ਵਿਖੇ ਵਿਵਾਦਤ ਬਾਬਾ ਰਾਮਪਾਲ ਦੇ ਚੇਲਿਆਂ ਵੱਲੋਂ ਕੀਤੀ ਗਈ ਮਰਿਆਦਾ ਦੀ ਉਲੰਘਣਾ ਦੀ ਡੂੰਘੀ ਪੜਤਾਲ ਕਰ ਕੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਲੋੜੀਂਦੇ ਕਦਮ ਚੁੱਕਣ ਦੀ ਵੀ ਗੱਲ ਕਹੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਧੂ ਦਾ ਨਵਾਂ ਗਾਣਾ ‘ਜੱਟੀ ਜਿਓਣੇ ਮੌੜ ਵਰਗੀ’ ਸੋਸ਼ਲ ਮੀਡੀਆ ਯੂ–ਟਿਊਬ 'ਤੇ ਰਿਲੀਜ਼ ਹੋਇਆ ਸੀ। ਉਦੋਂ ਗਾਣਾ ਅਜੇ ਸਿਰਫ਼ ਆਡੀਓ ‘ਚ ਆਇਆ ਸੀ ਪਰ ਇਸ ਦੇ ਆਉਂਦੇ ਹੀ ਗਾਣੇ ਨਾਲ ਇਕ ਵਿਵਾਦ ਜੁੜ ਗਿਆ ਸੀ। ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਤੇ ਆਪਣੇ ਗਾਣੇ 'ਚ ਮਾਈ ਭਾਗੋ ਜੀ ਦਾ ਨਾਂ ਲੈਣ 'ਤੇ ਆਪਣੀ ਸਫਾਈ ਪੇਸ਼ ਕੀਤੀ ਤੇ ਨਾਲ ਹੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਸ ਤੋਂ ਮੁਆਫੀ ਵੀ ਮੰਗੀ ਸੀ। ਇਸ ਦੇ ਨਾਲ ਉਨ੍ਹਾਂ ਨੇ ਵੀਡੀਓ ‘ਚ ਆਪਣਾ ਗਾਣਾ ਲੀਕ ਹੋਣ ਦੀ ਗੱਲ ਕੀਤੀ ਅਤੇ ਗਾਣੇ ਦੇ ਬੋਲ ਬਦਲਣ ਦੀ ਗੱਲ ਵੀ ਕੀਤੀ ਸੀ।