ਸਿੱਧੂ ਮੂਸੇਵਾਲੇ ਦੀ ਤਾਜ਼ਾ ਵੀਡੀਓ ਆਈ ਸਾਹਮਣੇ, ਮੁਸੀਬਤ ‘ਚ ਘਿਰੇ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇੱਕ ਗੀਤ ਕਰਕੇ ਵਿਵਾਦ ਵਿੱਚ ਘਿਰ ਗਿਆ ਹੈ...

Sidhu Moosewala

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇੱਕ ਗੀਤ ਕਰਕੇ ਵਿਵਾਦ ਵਿੱਚ ਘਿਰ ਗਿਆ ਹੈ ਜਿਸ ਵਿੱਚ ਉਸ ਨੇ ਮਾਈ ਭਾਗੋ 'ਤੇ ਟਿੱਪਣੀ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਆਪਣੇ ਗਾਣੇ ‘ਚ ਮਾਈ ਭਾਗੋ ਦਾ ਨਾਂ ਲੈਣ ‘ਤੇ ਸਫਾਈ ਪੇਸ਼ ਕੀਤੀ ਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਜ਼ ਤੋਂ ਮੁਆਫੀ ਵੀ ਮੰਗੀ। ਹੁਣ ਉਸ ਨੇ ਇਟਲੀ ਤੋਂ ਇੱਕ ਹੋਰ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਪਹਿਲਾਂ ਹੀ ਮੁਆਫੀ ਮੰਗ ਲਈ ਹੈ ਪਰ ਹੁਣ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਵੀ ਮੁਆਫੀ ਮੰਗਣ ਲਈ ਤਿਆਰ ਹੈ।

ਤਾਜ਼ਾ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਸਿੱਖ ਹੋਣ ਦੇ ਨਾਤੇ ਕਦੇ ਵੀ ਸਿੱਖ ਧਰਮ ਨੂੰ ਨੀਵਾਂ ਨਹੀਂ ਕਰ ਸਕਦਾ। ਉਸ ਨੇ ਕਿਹਾ ਕਿ ਉਸ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ। ਉਸ ਦਾ ਸ਼ੋਅ ਰੱਦ ਕਰਵਾ ਦਿੱਤਾ ਗਿਆ ਹੈ। ਉਸ ਨੇ ਸਵਾਲ ਕੀਤਾ ਕਿ ਜੋ ਲੋਕ ਉਸ ਦਾ ਸ਼ੋਅ ਦੇਖਣ ਆਏ ਸੀ, ਉਨ੍ਹਾਂ ਦਾ ਕੀ ਕਸੂਰ ਹੈ? ਉਨ੍ਹਾਂ ਨੂੰ ਸ਼ੋਅ ਦੇਖੇ ਬਿਨਾਂ ਵਾਪਸ ਜਾਣਾ ਪਿਆ। ਦੱਸ ਦਈਏ ਹਾਲ ਹੀ ‘ਚ ਸਿੱਧੂ ਦਾ ਨਵਾਂ ਗਾਣਾ ‘ਜੱਟੀ ਜਿਓਣੇ ਮੌੜ ਵਰਗੀ’ ਸੋਸ਼ਲ ਮੀਡੀਆ ਯੂ-ਟਿਊਬ ‘ਤੇ ਰਿਲੀਜ਼ ਹੋਇਆ ਹੈ। ਗਾਣਾ ਅਜੇ ਸਿਰਫ਼ ਆਡੀਓ ‘ਚ ਆਇਆ ਹੈ ਪਰ ਇਸ ਦੇ ਆਉਂਦੇ ਸਾਰ ਹੀ ਗਾਣੇ ਨਾਲ ਇੱਕ ਵਿਵਾਦ ਜੁੜ ਗਿਆ ਹੈ।

ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਲਾਈਵ ਹੋ ਕੇ ਮੁਆਫੀ ਮੰਗੀ ਹੈ। ਇਸ ਦੇ ਨਾਲ ਵੀਡੀਓ ‘ਚ ਆਪਣਾ ਗਾਣਾ ਲੀਕ ਹੋਣ ਦੀ ਗੱਲ ਕੀਤੀ ਤੇ ਗਾਣੇ ਦੇ ਬੋਲ ਬਦਲਣ ਦੀ ਗੱਲ ਵੀ ਕੀਤੀ। ਇਸ ਗਾਣੇ ‘ਤੇ ਭਖਦੇ ਵਿਵਾਦ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਐਸਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਹੈ। ਜਿਸ ‘ਚ ਉਸ ‘ਤੇ ਮਾਈ ਭਾਗੋ ਅਤੇ ਸਿੱਖਾਂ ਦੇ ਕੁਝ ਕਕਾਰਾਂ ‘ਤੇ ਗਲਤ ਗਾਣਾ ਗਾਉਣ ਦਾ ਇਲਜ਼ਾਮ ਲੱਗਾ ਪਰਚਾ ਦਰਜ ਕੀਤਾ ਗਿਆ ਹੈ।

ਇਸ ਤੋਂ ਬਾਅਦ SSP ਨਾਨਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਅੱਗੇ ਭੇਜ ਦਿੱਤੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।