ਗਾਇਕ ਸਿੱਧੂ ਮੂਸੇਵਾਲ ਦੇ ਵਿਰੁਧ ਹੋਵੇ ਸਖ਼ਤ ਕਾਨੂੰਨੀ ਕਾਰਵਾਈ : ਜਥੇਦਾਰ ਗਿਆਨੀ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਮਾਈ ਭਾਗੋ ਜੀ ਦਾ ਜਿਕਰ ਕਰਕੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ

Giani Raghvir SIngh

ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਰਘਬੀਰ ਸਿੰਘ ਨੇ ਗਾਇਕ ਸਿੱਧੂ ਮੂਸੇਵਾਲ ਦੇ ਵਿਰੁਧ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਸਿੱਖ ਪੰਥ ਵਿਚ ਮਾਈ ਭਾਗੋ ਜੀ ਦਾ ਬਹੁਤ ਹੀ ਮਹੱਤਵਪੂਰਨ ਊਚਾ ਤੇ ਸੁੱਚਾ ਸਥਾਨ ਹੈ। ਮਾਈ ਭਾਗੋ ਜੀ ਨੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ।

ਅਪਣੇ ਹਰ ਯੁੱਧ ਵਿਚ ਇਕ ਸੱਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ ਹੈ। ਸਿੱਖ ਵੀਰਾਂ ਵਾਂਗੂ ਮਾਈ ਭਾਗੋ ਜੀ ਵੀ ਹਰ ਚਣੋਤੀ ਨੂੰ ਸਵੀਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਪਰੰਤੂ ਗਾਇਕ ਸਿੱਧੂ ਮੂਸੇਵਾਲ ਵਲੋਂ ਦੁਨੀਆਂ ਵਿਚ ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪਣੇ ਗੀਤ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਵਿਚ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸ਼ੀਅਤ ਮਾਈ ਭਾਗੋ ਜੀ ਦਾ ਜਿਕਰ ਕਰਕੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿਚ ਔਰਤ ਜਾਤੀ ਦਾ ਇਕ ਵਿਸ਼ੇਸ ਸਥਾਨ ਹੈ।

ਸਾਡੇ ਗੁਰੂ ਸਾਹਿਬਾਨ ਵਲੋਂ ਗੁਰਬਾਣੀ ਵਿਚ ਵੀ ਇਸਤਰੀ ਜਾਤੀ ਦਾ ਸਤਿਕਾਰ ਕੀਤਾ ਗਿਆ ਹੈ। ਇਸ ਗਾਇਕ ਵਲੋਂ ਇਕ ਔਰਤ ਦੀ ਤੁਲਨਾ ਬੰਦੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖ਼ਸੀਅਤ ਦਾ ਜ਼ਿਕਰ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਗਾਇਕ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਬਹੁਤ ਸਾਰੇ ਹੋਰ ਗਾਇਕਾਂ ਵਲੋਂ ਜੱਟਾਂ ਦੀਆਂ ਧੀਆਂ ਭੈਣਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ। ਅਜਿਹੇ ਗਾਣੇ ਲਿਖਣ ਅਤੇ ਗਾਉਣ ਵਾਲਿਆਂ ਵਿਰੁਧ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੋਲ ਖ਼ਰਾਬ ਨਾ ਹੋਵੇ।