ਜੱਸੜ ਤੇ ਸਿੰਮੀ ਚਾਹਲ ‘ਰੱਬ ਦਾ ਰੇਡੀਓ-2’ ਫ਼ਿਲਮ ਦੇ ਪਿੱਛੇ ਕੁਝ ਦਿਲਚਸਪ ਗੱਲਾਂ ਬਿਆਨ ਕਰਦੇ ਹੋਏ...

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਰੱਬ ਦਾ ਰੇਡੀਓ ਫ਼ਿਲਮ ਬਣਾਉਂਦਿਆਂ ਮਨਜਿੰਦਰ ਦਾ ਕਿਰਦਾਰ ਮੇਰਾ ਅਪਣਾ ਹੀ ਇਕ ਹਿੱਸਾ ਬਣ ਗਿਆ ਸੀ : ਜੱਸੜ

Rabb da Radio-2

ਚੰਡੀਗੜ੍ਹ : ਵਿਹਲੀ ਜਨਤਾ ਫ਼ਿਲਮਸ ਅਤੇ ਓਮਜੀ ਗਰੁੱਪ ਦੀ ਨਵੀਂ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 2017 ਵਿਚ ਆਈ ਸੀ ਅਤੇ ਬੇਹੱਦ ਸਫ਼ਲ ਰਹੀ ਫ਼ਿਲਮ 'ਰੱਬ ਦਾ ਰੇਡੀਓ' ਦੇ ਅਗਲੇ ਭਾਗ ਵਜੋਂ ਬਣੀ 'ਰੱਬ ਦਾ ਰੇਡੀਓ-2' ਮਾਰਚ 29 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉੱਘੇ ਫ਼ਿਲਮ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਪਹਿਲੇ ਭਾਗ ਵਾਂਗ ਹੀ ਇਸ ਭਾਗ ਵਿਚ ਵੀ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਪਹਿਲੀ ਫ਼ਿਲਮ ਦੀ ਕਹਾਣੀ ਜਿਥੇ ਛੱਡੀ ਸੀ, ਇਹ ਫ਼ਿਲਮ ਕਹਾਣੀ ਦੇ ਤੰਦ ਉੱਥੋਂ ਹੀ ਚੁੱਕੇਗੀ। ਜਿੱਥੇ ਪਹਿਲੀ ਫ਼ਿਲਮ ਦਾ ਅੰਤ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੇ ਹੁੰਦਾ ਹੈ, ਇਹ ਫ਼ਿਲਮ ਉਨ੍ਹਾਂ ਦੇ ਵਿਆਹੁਤਾ ਜੀਵਨ ’ਤੇ ਅਧਾਰਿਤ ਹੈ। ਤਰਸੇਮ ਜੱਸੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਰੱਬ ਦਾ ਰੇਡੀਓ ਫ਼ਿਲਮ ਬਣਾਉਂਦਿਆਂ ਮਨਜਿੰਦਰ ਦਾ ਕਿਰਦਾਰ ਮੇਰਾ ਅਪਣਾ ਹੀ ਇਕ ਹਿੱਸਾ ਬਣ ਗਿਆ ਸੀ।

ਇਸ ਕਿਰਦਾਰ ਨੇ ਅਪਣੀ ਸਾਦਗੀ ਅਤੇ ਕਦਰਾਂ ਕੀਮਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਕ ਕਲਾਸਿਕ ਫ਼ਿਲਮ ਦਾ ਜਾਦੂ ਫਿਰ ਤੋਂ ਬਿਖੇਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ‘ਰੱਬ ਦਾ ਰੇਡੀਓ-2’ ਪਹਿਲੀ ਫ਼ਿਲਮ ਦੇ ਸਫ਼ਰ ਨੂੰ ਅੱਗੇ ਵਧਾਏਗੀ ਅਤੇ ਪਰਵਾਰਕ ਰਿਸ਼ਤਿਆਂ ਅਤੇ ਬੰਧਨਾਂ ਦੁਆਲੇ ਹੀ ਘੁੰਮੇਗੀ। ਮੈਂ ਆਸ ਕਰਦਾ ਹਾਂ ਕਿ ਇਹ ਫ਼ਿਲਮ ਵੀ ਲੋਕਾਂ ਦੀਆਂ ਆਸਾਂ ਤੇ ਖਰੀ ਉਤਰੇਗੀ ਅਤੇ ਸਾਡੀ ਮਿਹਨਤ ਰੰਗ ਲਿਆਵੇਗੀ।"

ਮਨਜਿੰਦਰ ਦੀ ਗੁੱਡੀ ਬਣੀ ਸਿੰਮੀ ਚਾਹਲ ਨੇ ਕਿਹਾ, "ਪਹਿਲੀ ਫ਼ਿਲਮ ਵਰਗਾ ਹੀ ਮਾਹੌਲ ਅਤੇ ਭਾਵਨਾਵਾਂ ਫਿਰ ਤੋਂ ਪਰਦੇ ’ਤੇ ਲਿਆਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ। ਇਸ ਫ਼ਿਲਮ ਦੇ ਟ੍ਰੇਲਰ ਨੇ ਵੈਸੇ ਹੀ ਲੋਕਾਂ ਦੇ ਮਨਾਂ ਵਿਚ ਕਾਫ਼ੀ ਉਤਸੁਕਤਾ ਵਧਾ ਦਿਤੀ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਮਨਜਿੰਦਰ ਤੇ ਗੁੱਡੀ ਦੇ ਵਿਆਹ ਤੋਂ ਬਾਅਦ ਕੀ ਹੋਇਆ। ਅਸੀਂ ਪਹਿਲੀ ਫ਼ਿਲਮ ਵਾਲਾ ਮਾਹੌਲ ਬਣਾਇਆ ਅਤੇ ਉਮੀਦ ਕਰਦੇ ਹਾਂ ਕਿ ਲੋਕ ਇਸ ਫ਼ਿਲਮ ਦੇ ਸਫ਼ਰ ਤੇ ਸਾਡੇ ਨਾਲ 29 ਮਾਰਚ ਨੂੰ ਚੱਲਣਗੇ।"

ਫ਼ਿਲਮ ਦੇ ਡਾਇਰੈਕਟਰ, ਸ਼ਰਨ ਆਰਟਸ ਵੀ ਮੀਡੀਆ ਦੇ ਰੂ-ਬ-ਰੂ ਹੋਏ। ਉਨ੍ਹਾਂ ਕਿਹਾ, "ਰੱਬ ਦਾ ਰੇਡੀਓ ਬਣਾਉਣ ਵੇਲੇ ਮੇਰੇ ਉਤੇ ਇਸ ਫ਼ਿਲਮ ਦੀਆਂ ਓਹੀ ਭਾਵਨਾਵਾਂ ਫਿਰ ਤੋਂ ਉਜਾਗਰ ਕਰਨ ਦਾ ਦਾਰ-ਓ-ਮਦਾਰ ਸੀ। ਤਰਸੇਮ ਜੱਸੜ ਇਕ ਵਧੀਆ ਗਾਇਕ ਅਤੇ ਅਦਾਕਾਰ ਹਨ, ਅਤੇ ਸਿੰਮੀ ਚਾਹਲ ਵੀ ਇਕ ਬਿਹਤਰੀਨ ਅਦਾਕਾਰਾ ਹਨ। ਇਨ੍ਹਾਂ ਨੇ ਇਸ ਫ਼ਿਲਮ ਦਾ ਸਫ਼ਰ ਮੇਰੇ ਲਈ ਬਿਲਕੁੱਲ ਸੌਖਾ ਕਰ ਦਿਤਾ। ਹੁਣ ਮੈਂ ਦਰਸ਼ਕਾਂ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ|"

ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ ਅਤੇ ਆਸ਼ੂ ਮੁਨੀਸ਼ ਸਾਹਨੀ ਦਾ ਮੰਨਣਾ ਹੈ ਕਿ ਰੱਬ ਦਾ ਰੇਡੀਓ-2 ਵੀ ਪਹਿਲੀ ਫ਼ਿਲਮ ਵਾਂਗ ਹੀ ਲੋਕਾਂ ਦੇ ਦਿਲਾਂ ਵਿਚ ਵੱਸ ਜਾਵੇਗੀ ਅਤੇ ਭਰਪੂਰ ਪਿਆਰ ਲਵੇਗੀ। ਦਰਸ਼ਕਾਂ ਅਤੇ ਫ਼ਿਲਮ ਦੀ ਟੀਮ ਨੂੰ ਮਾਰਚ 29 ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜਦੋਂ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਲੱਗੇਗੀ।