ਹਿਮਾਂਸ਼ੀ ਖੁਰਾਣਾ ਅਪਣੀਆਂ ਅੱਖਾਂ ਨਾਲ ਜਿੱਤ ਲੈਂਦੀ ਹੈ ਲੋਕਾਂ ਦੇ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਦੀ ਖੂਬਸੂਰਤੀ ਕਹੇ ਜਾਣ ਵਾਲੀ ਮਸ਼ਹੂਰ ਹਿਮਾਂਸ਼ੀ ਖੁਰਾਣਾ.......

Himanshi Khurana

ਚੰਡੀਗੜ੍ਹ (ਭਾਸ਼ਾ): ਪੰਜਾਬ ਦੀ ਖੂਬਸੂਰਤੀ ਕਹੇ ਜਾਣ ਵਾਲੀ ਮਸ਼ਹੂਰ ਹਿਮਾਂਸ਼ੀ ਖੁਰਾਣਾ ਹੁਣ ਤੱਕ ਬਹੁਤ ਸਾਰੇ ਮਸ਼ਹੂਰ ਗੀਤਾਂ ਵਿਚ ਨਜ਼ਰ ਆ ਚੁੱਕੀ ਹੈ। ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਅੱਜ ਅਪਣਾ 27ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਉਨ੍ਹਾਂ ਦਾ ਜਨਮ 27 ਨਵੰਬਰ 1991 ਨੂੰ ਕੀਰਤਪੁਰ ਸਾਹਿਬ ਵਿਚ ਹੋਇਆ ਸੀ। ਹਿਮਾਂਸ਼ੀ ਖੁਰਾਣਾ ਨੇ ਅਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਬੀ.ਐੱਮ.ਸੀ ਸਕੂਲ ਵਿਚੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ 12ਵੀਂ ਵਿਚ ਮੈਡੀਕਲ ਸਾਇੰਸ ਵਿਚ ਦਾਖਲਾ ਲਿਆ ਅਤੇ ਹਾਸਪੀਟੇਲਿਟੀ ਅਤੇ ਐਵੀਏਸ਼ਨ ਸੈਕਟਰ ਵਿਚ ਡਿਗਰੀ ਹਾਸਲ ਕੀਤੀ।

ਹਿਮਾਂਸ਼ੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ ਵਿਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ। ਅਪਣਾ ਕਰੀਅਰ ਬਣਾਉਣ ਲਈ ਉਨ੍ਹਾਂ ਨੇ ਦਿੱਲੀ ਦਾ ਰੁਖ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਮਿਊਜਿਕ ਇੰਡਸਟਰੀ ਵਿਚ ਕਦਮ ਰੱਖਿਆ। ਸਾਲ 2010 ਵਿਚ ਉਨ੍ਹਾਂ ਨੇ ‘ਜੋੜੀ’ ਮਿਊਜਿਕ ਐਲਬਮ ਵਿਚ ਕੰਮ ਕੀਤਾ ਅਤੇ ਫਿਰੋਜ਼ ਖਾਨ ਦੀ ‘ਫਸਲੀ ਬਟੇਰੇ’ ਲਖਵਿੰਦਰ ਵਡਾਲੀ ਦੀ ‘ਨੈਣਾ ਦੇ ਬੂਹੇ’

ਸਮੇਤ ਕਈ ਮਿਊਜਿਕ ਐਲਬਮ ਵਿਚ ਅਪਣੀ ਪ੍ਰਤਿਭਾ ਨੂੰ ਦਿਖਾਇਆ। 2014 ਵਿਚ ਉਨ੍ਹਾਂ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ। ਇਸ ਤੋਂ ਬਾਅਦ ਸਾਲ 2014 ਵਿਚ ਜੱਸੀ ਗਿੱਲ ਦੀ ‘ਲਾਦੇਨ’ ਅਤੇ ਐਮੀ ਵਿਰਕ ਦੀ ‘ਤਾਰਾ’ ਐਲਬਮ ਵਿਚ ਕੰਮ ਕੀਤਾ। ਜੇ ਸਟਾਰ ਦੀ ਮਿਊਜਿਕ ਐਲਬਮ ਵਿਚ ਉਨ੍ਹਾਂ ਉਤੇ ਫਿਲਮਾਏ ਗਏ ਗੀਤ ‘ਨਾ ਨਾ ਨਾ’ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ। ਪੰਜਾਬੀ ਗਾਇਕ ਨਿੰਜਾ ਦੇ ਗੀਤ ‘ਗੱਲ ਜੱਟਾਂ ਵਾਲੀ’ ਨੂੰ ਹਿਮਾਂਸ਼ੀ ਖੁਰਾਣਾ ਉਤੇ ਫਿਲਮਾਇਆ ਗਿਆ। ਜਿਸ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ।

ਹਿਮਾਂਸ਼ੀ ਖੁਰਾਣਾ ਮਿਊਜਿਕ ਐਲਬਮ ਦੇ ਨਾਲ-ਨਾਲ ਫਿਲਮਾਂ ਵਿਚ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ 2-3 ਸਾਲ ਦੇ ਅਪਣੇ ਕਰੀਅਰ ਵਿਚ ਜੋ ਕਾਮਯਾਬੀ ਹਾਸਲ ਕੀਤੀ ਹੈ। ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ। ਉਨ੍ਹਾਂ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿਚ ਵੀ ਕਾਮਯਾਬੀ ਦੇ ਝੰਡੇ ਗੱਡੇ ਹਨ।