ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਹੀ ਵੱਡੀ ਗੱਲ 

ਏਜੰਸੀ

ਮਨੋਰੰਜਨ, ਪਾਲੀਵੁੱਡ

ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ।

Javed Akhtar, Sidhu MooseWala

ਅੰਮ੍ਰਿਤਸਰ : ਸ਼ਨੀਵਾਰ ਗੁਰੂ ਨਗਰੀ 'ਚ ਮਸ਼ਹੂਰ ਸ਼ਾਇਰ, ਲੇਖਕ ਤੇ ਸਕ੍ਰਿਪਟ ਰਾਈਟਰ ਜਾਵੇਦ ਅਖ਼ਤਰ ਪਹੁੰਚੇ। ਜਿੱਥੇ ਉਹਨਾਂ ਨੇ ਨਿੱਜੀ ਸਕੂਲ ਵਿਚ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜਿਹੜੇ ਇਨਸਾਨ ਸੱਚ ਬੋਲਦੇ ਹਨ ਅਕਸਰ ਹੀ ਉਨ੍ਹਾਂ ਨਾਲ ਅਜਿਹਾ ਹੁੰਦਾ ਹੈ।

ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਣਾਮ ਕਰਦੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਨ। ਜ਼ਿਕਰਯੋਗ ਹੈ ਕਿ ਜਾਵੇਦ ਅਖ਼ਤਰ ਆਪਣੇ 'ਤੇ ਕਿਤਾਬ ਲਿਖਣ ਵਾਲੀ ਲੇਖਿਕਾ ਬੇਗਮ ਮੁਨੀ ਅਖ਼ਤਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਬੇਗਮ ਮੁਨੀ ਵੱਲੋਂ ਲਿਖੀ ਗਈ ਕਿਤਾਬ ਜਿਸ ਵਿਚ ਜਾਵੇਦ ਅਖ਼ਤਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਬਾਇਓਗ੍ਰਾਫੀ ਹੈ, ਉਹ ਵੀ ਰਿਲੀਜ਼ ਕੀਤੀ ਗਈ।

ਜਾਵੇਦ ਅਖ਼ਤਰ ਨੇ ਇਸ ਮੌਕੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ਦੇ ਬਹੁਤ ਨਜ਼ਦੀਕੀ ਪਲਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਕਲ੍ਹ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਵਾਂਗ ਗੱਲ ਨੂੰ ਘੁਮਾ-ਫਿਰਾ ਕੇ ਕਹਿਣ ਦੀ ਬਜਾਏ ਸਿੱਧੀ ਗੱਲ ਕਰਦੀ ਹੈ। ਉਨ੍ਹਾਂ ਦੇ ਮੁਤਾਬਕ ਅੱਜ ਦੀ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਤੋਂ ਕਾਫੀ ਸਮਝਦਾਰ ਵੀ ਹੈ। ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੇਖਕ, ਸ਼ਾਇਰ ਦੀ ਕਲਾ ਦੀ ਕਦਰ ਕਰਨੀ ਚਾਹੀਦੀ ਹੈ, ਨਾ ਕਿ ਇਸ ਨੂੰ ਕੋਈ ਵਿਹਲਾ ਕੰਮ ਸਮਝਣਾ ਚਾਹੀਦਾ ਹੈ।