ਪੰਜਾਬੀ ਗਾਇਕ ਤੇ ਅਦਾਕਾਰ ‘ਬੱਬੂ ਮਾਨ’ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਜਾਣੋ ਪਿੰਡ ਦਾ ਬੱਬੂ ਕਿਵੇਂ ਬਣਿਆ ਦੁਨੀਆਂ ਦੇ ਗਾਇਕਾਂ ਦਾ ਉਸਤਾਦ...

Babbu Maan

ਸ਼੍ਰੀ ਫ਼ਤਹਿਗੜ੍ਹ ਸਾਹਿਬ :  ਬੇਬਾਕੀ ਭਰੇ ਅੰਦਾਜ਼ ਵਾਲੇ ਪੰਜਾਬੀ ਗਾਇਕੀ ਦੀ ਸ਼ਾਨ ਕਹੇ ਜਾਣ ਵਾਲੇ ਬੱਬੂ ਮਾਨ ਦਾ ਅੱਜ 44ਵਾਂ ਜਨਮ ਦਿਨ ਹੈ। ਬੱਬੂ ਮਾਨ ਦਾ ਜਨਮ ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਖੰਟ ਮਾਨਪੁਰ,ਪੰਜਾਬ ‘ਚ 29 ਮਾਰਚ 1975 ਨੂੰ ਹੋਇਆ। ਬੱਬੂ ਮਾਨ ਨਾਮ ਨਾਲ ਪੂਰੀ ਦੁਨੀਆ ‘ਚ ਆਪਣੀ ਪਹਿਚਾਣ ਬਣਾਉਣ ਵਾਲੇ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ। ਪੰਜਾਬੀ ਸੰਗੀਤ ਜਗਤ ਵਿਚ ਬੱਬੂ ਮਾਨ ਨੇ ਆਪਣੀ ਗਾਇਕੀ, ਆਪਣੀ ਲਿਖਤੀ, ਅਤੇ ਆਪਣੀ ਅਦਾਕਾਰੀ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ।

ਬੱਬੂ ਮਾਨ ਨੂੰ ਓਹਨਾਂ ਦੀ ਕਲਾ ਦੇ ਨਾਲ-ਨਾਲ ਓਹਨਾਂ ਦੀ ਬੇਬਾਕੀ ਕਰਕੇ ਵੀ ਜਾਣਿਆ ਜਾਂਦਾ ਹੈ, ਜਿਸਦੇ ਚੱਲਦੇ ਅਕਸਰ ਉਨਾਂ ਨੂੰ ਕਿਸੇ ਨਾ ਕਿਸੇ ਵਿਵਾਦਾਂ ‘ਚ ਪਾਇਆ ਜਾਂਦਾ ਹੈ। ਸਮਾਜ ‘ਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਹਮੇਸ਼ਾਂ ਹੀ ਬੱਬੂ ਮਾਨ ਨੇ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ। ਬੱਬੂ ਮਾਨ ਦੀ ਕਲਮ ਵਲੋਂ ਚੁੱਕਿਆ ਹਰ ਕਦਮ ਵਿਚਾਰਨਯੋਗ ਹੁੰਦਾ ਹੈ। ਬੱਚੇ ਹੋਣ ਜਾਂ ਬਜ਼ੁਰਗ ਹਰ ਵਰਗ ਦਾ ਪੰਜਾਬੀ ਬੱਬੂ ਮਾਨ ਦਾ ਫੈਨ ਹੈ।

ਪੰਜਾਬੀਆਂ ਲਈ ਇਹ ਬਹੁਤ ਹੀ ਮਾਨ ਵਾਲੀ ਗੱਲ ਸੀ ਕਿ ਜਦੋ ਬੱਬੂ ਮਾਨ ਨੂੰ World Music Award ‘ਚ 4 ਐਵਾਰਡ ਮਿਲੇ ਸੀ ਤੇ 2017 ਵਿਚ ਵੀ ਬੱਬੂ ਮਾਨ ਨੂੰ Bama Music Award ਵਿਚ 2 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕਰੀਬ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਜਗਤ ‘ਚ ਰਾਜ ਕਰ ਰਹੇ ਤਜਿੰਦਰ ਸਿੰਘ ਮਾਨ (ਬੱਬੂ ਮਾਨ) ਨੂੰ ਪ੍ਰਮਾਤਮਾ ਹਮੇਸ਼ਾ ਤੰਦਰੁਸਤ ਰੱਖੇ ਅਤੇ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।

ਬੱਬੂ ਮਾਨ ਦੇ ਕਰੀਅਰ ਦੀ ਸ਼ੁਰੂਆਤ:-

1998 ਵਿੱਚ ਮਾਨ ਨੇ ਆਪਣੀ ਐਲਬਮ ‘ਸੱਜਣ ਰੁਮਾਲ ਦੇ ਗਿਆ ‘ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 1999 ਵਿੱਚ ਉਨ੍ਹਾਂ ਦੀ ਦੂਜੀ ਐਲਬਮ ‘ ਤੂੰ ਮੇਰੀ ਮਿਸ ਇੰਡਿਆ’ ਰਿਲੀਜ਼ ਹੋਇਆ ਜੋ ਬਹੁਤ ਹੀ ਲੋਕਾਂ ਨੂੰ ਪਿਆਰਾ ਹੋਇਆ। ਉਨ੍ਹਾਂ ਦੀ ਤੀਜੀ ਐਲਬਮ ‘ਸਾਉਣ ਦੀ ਝੜੀ 2001 ਵਿੱਚ ਰਿਲੀਜ਼ ਕੀਤਾ ਗਿਆ ਅਤੇ ਲੋਕਾਂ ਨੇ ਇਸ ਐਲਬਮ ਨੂੰ ਵੀ ਬੇਹੱਦ ਪਸੰਦ ਕੀਤਾ। ਸਿਰਫ ਭਾਰਤ ਵਿੱਚ ਹੀ ਇਸ ਐਲਬਮ ਦੀ ਦਸ ਲੱਖ ਤੋਂ ਵੀ ਜਿਆਦਾ ਕਾਪੀਆਂ ਵਿਕੀਆਂ ਅਤੇ ਉਸ ਤੋਂ ਵੀ ਜਿਆਦਾ ਵਿਦੇਸ਼ਾਂ ਵਿੱਚ ਵਿਕੀਆਂ। 2003 ਵਿੱਚ ਮਾਨ ਹਵਾਏ ਫਿਲਮ ਲਈ ਅਦਾਕਾਰ ਅਤੇ ਸੰਗੀਤ ਨਿਰਦੇਸ਼ਕ ਦੇ ਰੂਪ ਵਿੱਚ ਚੁਣਿਆ ਗਿਆ।

ਇਸ ਫਿਲਮ ਵਿੱਚ ਉਨ੍ਹਾਂ ਨੇ ਆਪਣੇ ਚਹੇਤੇ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਕੰਮ ਕੀਤਾ। ਇਹ ਫਿਲਮ ਬੇਹੱਦ ਕਾਮਯਾਬ ਹੋਈ। ਇਸਦੇ ਬਾਅਦ ਉਨ੍ਹਾਂ ਨੇ ਆਪਣੀ ਐਲਬਮ ‘ਓਹੀ ਚੰਨ ਓਹੀ ਰਾਤਾਂ’ ਪੇਸ਼ ਕੀਤਾ। ਇਸ ਐਲਬਮ ਨੂੰ ਵੀ ਕਾਫ਼ੀ ਕਾਮਯਾਬੀ ਮਿਲੀ, ਆਲੋਚਕਾਂ ਨੇ ਵੀ ਇਸਨੂੰ ਸਰਾਹਿਆ ਅਤੇ ਵਿਕਰੀ ਵੀ ਖ਼ੂਬ ਹੋਈ। ‘ਪਿਆਸ’ ਉਨ੍ਹਾਂ ਦੀ ਅਗਲੀ ਐਲਬਮ ਸੀ। 2006 ਵਿੱਚ ਮਾਨ ਨੇ ਫਿਲਮ ‘ਰੱਬ ਨੇ ਬਣਾਈਆਂ ਜੋੜੀਆਂ’ ਲਈ ਪਹਿਲੀ ਵਾਰ ਪਲੇਬੈਕ ਗਾਇਨ ਦਾ ਕੰਮ ਕੀਤਾ। ਮੇਰਾ ਗ਼ਮ ਉਨ੍ਹਾਂ ਦਾ ਬੇਹੱਦ ਸਫਲ ਹਿੰਦੀ ਐਲਬਮ ਸੀ।

ਇਸ ਵਿੱਚ ਧੀਮੀ ਰਫ਼ਤਾਰ ਦੇ ਰੋਮਾਂਟਿਕ ਅਤੇ ਦੁਖਦ ਗੀਤ ਜ਼ਿਆਦਾ ਸਨ ਹਾਲਾਂਕਿ ਕੁਝ ਚੁਲਬੁਲੇ ਅਤੇ ਉਮੰਗ ਭਰੇ ਗੀਤ ਵੀ ਸ਼ਾਮਿਲ ਸਨ। ਇੱਕ ਗੀਤ ‘ ਏਕ ਰਾਤ/ਵਨ ਨਾਇਟ ਸਟੈਂਡ ‘ ਨੇ ਸਰੋਤਿਆਂ ਨੂੰ ਹੱਕਾ-ਬੱਕਾ ਕਰ ਦਿੱਤਾ। ਪਰ ਫਿਰ ਵੀ ਗੀਤ ਦੀ ਮਨ ਨੂੰ ਛੂਹ ਲੈਣ ਵਾਲੀ ਧੁਨ ਨੇ ਸਭ ਦਾ ਮਨ ਮੋਹ ਲਿਆ।