'ਦੋ ਦੂਣੀ ਪੰਜ' ਨਾਲ ਬਾਦਸ਼ਾਹ ਦੀ ਪ੍ਰੋਡੂਸਰ ਵਜੋਂ ਵਾਪਸੀ
ਅੱਜ ਕੱਲ ਫ਼ਿਲਮਾਂ ਸਿਰਫ਼ ਮਨੋਰੰਜਨ ਦਾ ਹੀ ਸਾਧਨ ਨਹੀਂ ਰਹਿ ਗਈਆਂ ਬਲਕਿ ਹਰ ਫ਼ਿਲਮ ਮੇਕਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸਦੀ ਫ਼ਿਲਮ ਕੋਈ ਨਾ ਕੋਈ ਸੰਦੇਸ਼ ਵੀ .....
ਅੱਜ ਕੱਲ ਫ਼ਿਲਮਾਂ ਸਿਰਫ਼ ਮਨੋਰੰਜਨ ਦਾ ਹੀ ਸਾਧਨ ਨਹੀਂ ਰਹਿ ਗਈਆਂ ਬਲਕਿ ਹਰ ਫ਼ਿਲਮ ਮੇਕਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸਦੀ ਫ਼ਿਲਮ ਕੋਈ ਨਾ ਕੋਈ ਸੰਦੇਸ਼ ਵੀ ਜਰੂਰ ਦੇਵੇ। ਪਰ ਇਹ ਉਹਨਾਂ ਪ੍ਰੋਡਿਊਸਰਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਜੋ ਕਿਸੇ ਲੇਖਕ ਦੀ ਸੋਚ ਅਤੇ ਡਾਇਰੈਕਟਰ ਦੀ ਸਿਰਜਣੀ ਤੇ ਵਿਸ਼ਵਾਸ ਰੱਖਦੇ ਹਨ।
ਬਾਦਸ਼ਾਹ, ਵੈਸੇ ਤਾਂ ਇਹ ਨਾਮ ਕਿਸੇ ਪਹਿਚਾਣ ਦਾ ਮੋਹਤਾਜ ਨਹੀ ਹੈ ਪਰ ਹੁਣ ਇਹ ਨਾਮ ਪ੍ਰੋਡਕਸ਼ਨ ਵਿਚ ਵੀ ਅਪਰਾ ਫਿਲਮਸ ਨਾਲ ਆਪਣੀ ਅਗਲੀ ਪੰਜਾਬੀ ਫ਼ਿਲਮ ਪ੍ਰੋਡਿਊਸ ਕਰ ਰਹੇ ਹਨ। ਅਰਦਾਸ ਫ਼ਿਲਮ ਦੀ ਅਪਾਰ ਸਫਲਤਾ ਤੋਂ ਬਾਅਦ ਬਾਦਸ਼ਾਹ ਨੇ ਆਪਣੀ ਦੂਜੀ ਫ਼ਿਲਮ 'ਦੋ ਦੂਣੀ ਪੰਜ' ਦੀ ਘੋਸ਼ਣਾ ਕੀਤੀ। ਇਸ ਫ਼ਿਲਮ ਦਾ ਪੋਸਟਰ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡਿਆ ਤੇ ਦਰਸ਼ਕਾਂ ਨਾਲ ਸਾਂਝਾ ਕੀਤਾ।
ਫ਼ਿਲਮ ਦੀ ਪੂਰੀ ਜਾਣਕਾਰੀ ਹਲੇ ਤੱਕ ਨਹੀਂ ਦਿੱਤੀ ਗਈ ਪਰ ਅੰਮ੍ਰਿਤ ਮਾਨ 'ਦੋ ਦੂਣੀ ਪੰਜ' ਵਿੱਚ ਮੁੱਖ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ। ਫ਼ਿਲਮ ਦਾ ਸ਼ੂਟ 10 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਫ਼ਿਲਮ ਦੇ ਮੁੱਖ ਹਿੱਸੇ ਦਾ ਸ਼ੂਟ ਪੰਜਾਬ ਅਤੇ ਚੰਡੀਗੜ੍ਹ ਦੇ ਆਸ ਪਾਸ ਹੀ ਹੋਵੇਗਾ। ਇਸ ਫ਼ਿਲਮ ਦੇ ਪ੍ਰੋਡੂਸਰ ਬਾਦਸ਼ਾਹ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਕ ਫ਼ਿਲਮ ਬਣਾਉਣਾ ਬਹੁਤ ਹੀ ਜਿੰਮੇਦਾਰੀ ਦਾ ਕੰਮ ਹੈ ਕਿਉਂਕਿ ਅੱਜ ਕੱਲ ਦਰਸ਼ਕ ਬਹੁਤ ਹੀ ਸਮਝਦਾਰ ਹੋ ਗਏ ਹਨ ਕਿ ਤੁਹਾਨੂੰ ਹਰ ਇਕ ਪਹਿਲੂ ਨਾਲ ਨਿਆਂ ਕਰਨਾ ਜਰੂਰੀ ਹੈ।
ਇਸ ਲਈ ਜਦੋਂ ਮੈਂ ਇਹ ਪ੍ਰੋਡਕਸ਼ਨ ਹਾਊਸ ਸ਼ੁਰੂ ਕਰਨ ਦਾ ਸੋਚਿਆ ਤਾਂ ਮੈਂ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਮੈਂ ਜੋ ਵੀ ਪ੍ਰੋਜੈਕਟ ਕਰੂੰਗਾ ਉਹ ਸਮਾਜ ਲਈ ਹੀ ਹੋਵੇਗਾ। ਦੋ ਦੂਣੀ ਪੰਜ ਮਨੋਰੰਜਨ ਅਤੇ ਯਾਗਰੁਕਤਾ ਦਾ ਬਹੁਤ ਹੀ ਖੂਬਸੂਰਤ ਮਿਸ਼ਰਣ ਹੈ। ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਲੋਕ ਇਸ ਪ੍ਰੋਜੈਕਟ ਨੂੰ ਵੀ ਉਸੇ ਤਰ੍ਹਾਂ ਦੁਆਵਾਂ ਦੇਣ ਜਿਵੇ ਉਹਨਾਂ ਨੇ ਮੇਰੇ ਸਾਰੇ ਪੁਰਾਣੇ ਕੰਮਾਂ ਨੂੰ ਦਿੱਤੀਆਂ ਹਨ।'
ਫ਼ਿਲਮ ਦੇ ਲੀਡ, ਅੰਮ੍ਰਿਤ ਮਾਨ ਨੇ ਕਿਹਾ, "ਦੋ ਦੂਣੀ ਪੰਜ ਮੇਰੀਆਂ ਉਮੀਦਾਂ ਤੋਂ ਵੀ ਪਰੇ ਦਾ ਪ੍ਰੋਜੈਕਟ ਹੈ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਲਾਜਵਾਬ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਹੈਰੀ ਭੱਟੀ ਨਾਲ ਪਹਿਲਾਂ ਵੀ ਆਟੇ ਦੀ ਚਿੜੀ ਵਿੱਚ ਕੰਮ ਕਰ ਚੁੱਕਾ ਹਾਂ ਇਸ ਲਈ ਮੈਂ ਉਹਨਾਂ ਦੀ ਸੋਚ ਅਤੇ ਮੇਹਨਤ ਤੋਂ ਜਾਣੂ ਹਾਂ। ਪਰ ਇਹ ਪਹਿਲੀ ਵਾਰ ਹੈ ਜਦ ਮੈਂ ਬਾਦਸ਼ਾਹ ਭਾਜੀ ਨਾਲ ਕੰਮ ਕਰ ਰਿਹਾ ਹਾਂ। ਮੈਂ ਇਸ ਸਫ਼ਰ ਨੂੰ ਲੈ ਕੇ ਬਹੁਤ ਹੀ ਜਿਆਦਾ ਉਤਸ਼ਾਹਿਤ ਹਾਂ।"
ਇਸ ਜਹਾਜ਼ ਦੇ ਕਪਤਾਨ ਹੈਰੀ ਭੱਟੀ ਨੇ ਕਿਹਾ, "ਮੈਂ ਕੰਮ ਦੀ ਕੁਆਲਟੀ ਤੇ ਜਿਆਦਾ ਧਿਆਨ ਦਿੰਦਾ ਹਾਂ ਨਾ ਕਿ ਗਿਣਤੀ ਤੇ। 'ਦੋ ਦੂਣੀ ਪੰਜ' ਇੱਕ ਅਜਿਹੀ ਫਿਲਮ ਹੈ ਜੋ ਪੰਜਾਬ ਵਿੱਚ ਸਿਨੇਮਾ ਦਾ ਰੂਪ ਬਦਲੇਗੀ। ਮੈਂ ਆਪਣੇ ਵਲੋਂ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗਾ ਅਤੇ ਉਮੀਦ ਕਰਦਾ ਹਾਂ ਕਿ ਇਹ ਫ਼ਿਲਮ ਲੋਕਾਂ ਦੇ ਦਿਮਾਗ ਤੇ ਅਮਿੱਟ ਛਾਪ ਛੱਡੇਗੀ।" 'ਦੋ ਦੂਣੀ ਪੰਜ' 11 ਜਨਵਰੀ 2019 ਨੂੰ ਵਿਸ਼ਵਭਰ ਵਿੱਚ ਰੀਲਿਜ ਹੋਵੇਗੀ।