Fact Check: ਮੈਕਸੀਕੋ ਬਾਰਡਰ ਟੱਪਦੇ ਪੰਜਾਬੀ ਪਰਿਵਾਰ ਦਾ ਇਹ ਵੀਡੀਓ ਹਾਲੀਆ ਨਹੀਂ 2019 ਤੋਂ ਵਾਇਰਲ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2019 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਸੋਸ਼ਲ ਮੀਡੀਆ 'ਤੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Old video of family crossing border viral as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੰਜਾਬੀ ਪਰਿਵਾਰ ਨੂੰ ਇੱਕ ਬਾਰਡਰ ਨੂੰ ਟੱਪਦੇ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਮੈਕਸੀਕੋ ਬਾਰਡਰ ਦਾ ਹੈ ਜਿੱਥੇ ਇੱਕ ਪੰਜਾਬੀ ਪਰਿਵਾਰ ਬਾਰਡਰ ਟੱਪਕੇ ਅਮਰੀਕਾ ਵਿਚ ਦਾਖਲ ਹੁੰਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਸੋਸ਼ਲ ਮੀਡੀਆ 'ਤੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Punjab To Pardes" ਨੇ 1 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪੰਜਾਬੀ ਟੱਪ ਰਿਹਾ 'Mexico' ਦਾ ਬਾਰਡਰ ! ਵੀਡੀਓ ਹੋ ਰਹੀ ਵਾਇਰਲ..."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ 2019 ਤੋਂ ਵਾਇਰਲ ਹੈ

ਸਾਨੂੰ ਵਾਇਰਲ ਵੀਡੀਓ ਕਈ ਪੁਰਾਣੀ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ 2019 ਦੇ ਅਪਲੋਡ ਮਿਲੇ। ਪੰਜਾਬ ਮੀਡੀਆ ਅਦਾਰੇ PTC News ਨੇ ਇਸ ਵੀਡੀਓ ਨੂੰ 20 ਜੁਲਾਈ 2019 ਨੂੰ ਸ਼ੇਅਰ ਕਰਦਿਆਂ ਲਿਖਿਆ, "ਬੱਚਿਆਂ ਸਮੇਤ ਜਾਨ ਜ਼ੋਖਮ 'ਚ ਪਾਕੇ ਮੈਕਸੀਕੋ ਬਾਰਡਰ ਟੱਪ ਕੇ ਅਮਰੀਕਾ 'ਚ ਦਾਖ਼ਲ ਹੁੰਦੇ ਪੰਜਾਬੀ, ਵੇਖੋ ਵੀਡੀਓ"

ਇਸੇ ਤਰ੍ਹਾਂ ਸਾਨੂੰ ਇਹ ਵੀਡੀਓ Youtube 'ਤੇ 19 ਜੁਲਾਈ 2019 ਦਾ ਵੀ ਸਾਂਝਾ ਕੀਤਾ ਮਿਲਿਆ। ਮੀਡੀਆ ਅਦਾਰੇ Living India News ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "ਮੌਤ ਨੂੰ ਟਿੱਚਰਾਂ ਕਰਕੇ ਭੁੱਖੇ ਪਿਆਸੇ ਅਮਰੀਕਾ ਦੀ ਬਾਰਡਰ ਟੱਪਦੇ ਪੰਜਾਬੀ | Punjabi America Mexico Border"

ਮਤਲਬ ਸਾਫ ਸੀ ਕਿ ਇਹ ਵੀਡੀਓ 2019 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਕੀ ਇਹ ਵੀਡੀਓ ਮੈਕਸੀਕੋ ਬਾਰਡਰ ਦਾ ਹੈ?

ਜੇਕਰ ਅਸੀਂ ਅਮਰੀਕਾ-ਮੈਕਸੀਕੋ ਬਾਰਡਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਐ ਤਾਂ ਇਹ ਬਾਰਡਰ ਸਮਾਨ ਵਾਇਰਲ ਵੀਡੀਓ ਦੇ ਬਾਰਡਰ ਵਾਂਗ ਦਿੱਸਦਾ ਹੈ। ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਸਲ ਮਿਤੀ ਅਤੇ ਥਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ 2019 ਤੋਂ ਵਾਇਰਲ ਹੋ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਤੋਂ ਵਾਇਰਲ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਸੋਸ਼ਲ ਮੀਡੀਆ 'ਤੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Recent video of Punjabi family crossing Mexico-US Border
Claimed By- FB Page Punjab To Pardes
Fact Check- Misleading