ਨੂੰਹ ਹਿੰਸਾ ਦੀਆਂ ਨਹੀਂ ਹਨ ਇਹ ਵਾਇਰਲ ਤਸਵੀਰਾਂ, Fact Check Report 

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਦੀਆਂ ਨਹੀਂ ਹਨ।

Fact Check Old images of violence shared in the name of Nuh violence

RSFC (Team Mohali)- ਹਰਿਆਣਾ ਦੇ ਨੂੰਹ 'ਚ ਭੜਕੀ ਹਿੰਸਾ ਨੇ ਪੂਰੇ ਦੇਸ਼ ਨੂੰ ਦੋਹਰਾ ਝਟਕਾ ਦਿੱਤਾ ਹੈ। ਮਨੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਉਥੇ ਹੀ ਹਰਿਆਣਾ ਤੋਂ ਅਜਿਹੀਆਂ ਖਬਰਾਂ ਆਉਣਾ ਕਾਨੂੰਨ ਵਿਵਸਥਾ 'ਤੇ ਅਜਿਹੇ ਸਵਾਲ ਖੜ੍ਹੇ ਕਰਦਾ ਹੈ ਜਿਸ ਦਾ ਜਵਾਬ ਦੇਸ਼ ਦੀਆਂ ਕਾਨੂੰਨ ਅਦਾਲਤਾਂ 'ਚ ਕਿਤੇ ਨਾ ਕਿਤੇ ਕਿਸੇ ਕੇਸ ਦੇ ਹੇਠਾਂ ਦੱਬਿਆ ਮਿਲੇਗਾ।

ਹਰਿਆਣਾ 'ਚ ਭੜਕੀ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਦੇਖੀਆਂ ਗਈਆਂ। ਹਿੰਸਾ ਨਾਲ ਜੁੜੀ ਲਗਭਗ ਹਰ ਖਬਰ ਵਾਇਰਲ ਹੋਈ। ਇਸ ਸਬੰਧ ਵਿਚ ਕੁਝ ਗੁੰਮਰਾਹਕੁੰਨ ਪੋਸਟਾਂ ਵੀ ਵਾਇਰਲ ਹੋਈਆਂ ਸਨ। ਹੁਣ ਇੱਕ ਅਜਿਹੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਕਈ ਤਸਵੀਰਾਂ ਦਾ ਕੋਲਾਜ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ 'ਚ ਹਿੰਸਾ ਦੇਖੀ ਜਾ ਸਕਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਰਿਆਣਾ 'ਚ ਨੂੰਹ ਹਿੰਸਾ ਨੂੰ ਦਰਸਾਉਂਦੀਆਂ ਹਨ।

ਵਾਇਰਲ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ ਯੂਜ਼ਰ ਸੁਰਿੰਦਰ ਸਿੰਘ ਨੇ ਲਿਖਿਆ, "ਵਾਹ, ਹਰਿਆਣਾ ਦੇ ਬਹਾਦਰ ਹਿੰਦੂ, ਤੁਸੀਂ ਪੂਰੀ ਦਿੱਲੀ ਨੂੰ ਬੰਧਕ ਬਣਾ ਸਕਦੇ ਹੋ? ਤੁਸੀਂ ਭਾਰਤ ਸਰਕਾਰ ਨੂੰ ਚੁਣੌਤੀ ਦੇ ਸਕਦੇ ਹੋ? ਤੁਸੀਂ ਸੜਕਾਂ ਨੂੰ ਰੋਕ ਸਕਦੇ ਹੋ? ਪਰ ਤੁਸੀਂ ਆਪਣੀ ਇੱਜ਼ਤ ਨਹੀਂ ਬਚਾ ਸਕਦੇ...ਆਦਿ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਦੀਆਂ ਨਹੀਂ ਹਨ।

ਸਪੋਕਸਮੈਨ ਦੀ ਪੜਤਾਲ

ਅਸੀਂ ਇੱਕ-ਇੱਕ ਕਰਕੇ ਇਨ੍ਹਾਂ ਤਸਵੀਰਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਪਹਿਲੀ ਤਸਵੀਰ

ਇਸ ਤਸਵੀਰ 'ਚ ਇਕ ਪੁਲਿਸ ਮੁਲਾਜ਼ਮ ਨੂੰ ਇਕ ਵਿਅਕਤੀ 'ਤੇ ਲਾਠੀ ਮਾਰਦੇ ਦੇਖਿਆ ਜਾ ਸਕਦਾ ਹੈ। ਜਦੋਂ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ 22 ਦਸੰਬਰ 2019 ਨੂੰ ਪ੍ਰਕਾਸ਼ਿਤ ਨਿਊਜ਼ 18 ਦੀ ਖਬਰ ਵਿਚ ਸਾਂਝੀ ਮਿਲੀ।

ਦੱਸ ਦੇਈਏ ਕਿ ਇਹ ਤਸਵੀਰ ਪੀਟੀਆਈ ਦੇ ਹਵਾਲੇ ਤੋਂ ਕਾਨਪੁਰ ਦੀ ਦੱਸੀ ਗਈ ਹੈ। ਇਹ ਤਸਵੀਰ CAA ਵਿਰੋਧੀ ਹਿੰਸਾ ਨਾਲ ਸਬੰਧਤ ਹੈ।

ਦੂਜੀ ਤਸਵੀਰ

ਇਸ ਤਸਵੀਰ ਵਿਚ ਸੜਦੀ ਹੋਈ ਕਾਰ ਦੇਖੀ ਜਾ ਸਕਦੀ ਹੈ। ਜਦੋਂ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ 20 ਫਰਵਰੀ 2013 ਨੂੰ ਪ੍ਰਕਾਸ਼ਿਤ ਹਿੰਦੁਸਤਾਨ ਟਾਈਮਜ਼ ਦੀ ਖਬਰ ਵਿਚ ਸਾਂਝੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਵੀਰ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਸੀ ਜਿੱਥੇ ਇੱਕ ਯੂਨੀਅਨ ਆਗੂ ਦੀ ਮੌਤ ਨੂੰ ਲੈ ਕੇ ਹੋ ਰਿਹਾ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ।

ਤੀਜੀ ਤਸਵੀਰ

ਇਸ ਤਸਵੀਰ ਵਿੱਚ ਇੱਕ ਪੁਲਿਸ ਕਾਂਸਟੇਬਲ ਦੇ ਸਾਹਮਣੇ ਕਈ ਵਾਹਨ ਸੜਦੇ ਦੇਖੇ ਜਾ ਸਕਦੇ ਹਨ। ਜਦੋਂ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ 26 ਅਗਸਤ 2017 ਨੂੰ ਪ੍ਰਕਾਸ਼ਿਤ ਟਾਈਮਜ਼ ਆਫ਼ ਇੰਡੀਆ ਦੀ ਖਬਰ ਵਿਚ ਸਾਂਝੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਵੀਰ ਹਰਿਆਣਾ ਦੇ ਪੰਚਕੂਲਾ ਦੀ ਸੀ ਜਿੱਥੇ ਡੇਰਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਸ ਦੇ ਪੈਰੋਕਾਰਾਂ ਵੱਲੋਂ ਹੰਗਾਮਾ ਅਤੇ ਭੰਨਤੋੜ ਕੀਤੀ ਗਈ ਸੀ।

ਚੌਥੀ ਤਸਵੀਰ

ਇਸ ਤਸਵੀਰ 'ਚ ਪੁਲਿਸ ਟੀਮ ਅਤੇ ਪੱਥਰਬਾਜ਼ਾਂ ਵਿਚਾਲੇ ਝੜਪ ਦੇਖੀ ਜਾ ਸਕਦੀ ਹੈ। ਜਦੋਂ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ 26 ਦਸੰਬਰ 2019 ਨੂੰ ਪ੍ਰਕਾਸ਼ਿਤ ਟਾਈਮਜ਼ ਆਫ਼ ਇੰਡੀਆ ਦੀ ਖਬਰ ਵਿਚ ਸਾਂਝੀ ਮਿਲੀ।

ਦੱਸ ਦੇਈਏ ਕਿ ਇਹ ਤਸਵੀਰ ਪੀਟੀਆਈ ਦੇ ਹਵਾਲੇ ਤੋਂ ਕਾਨਪੁਰ ਦੀ ਦੱਸੀ ਗਈ ਹੈ। ਇਹ ਤਸਵੀਰ CAA ਵਿਰੋਧੀ ਹਿੰਸਾ ਨਾਲ ਸਬੰਧਤ ਹੈ।

ਮਤਲਬ ਸਾਡੀ ਜਾਂਚ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਨਾਲ ਸਬੰਧਤ ਨਹੀਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਦੀਆਂ ਨਹੀਂ ਹਨ।