Fact Check: ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਿਹਾ ਬੀਮਾਰ ਚੀਤੇ ਦਾ ਵੀਡੀਓ
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਤੇਂਦੁਆ ਬੀਮਾਰ ਸੀ, ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕਾਂ ਦਾ ਇੱਕ ਸਮੂਹ ਇੱਕ ਚੀਤੇ ਨੂੰ ਤੰਗ ਕਰਦਾ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਤੇ ਨੇ ਕੱਚੀ ਸ਼ਰਾਬ ਦੀ ਡਿਸਟਿਲਰੀ ਤੋਂ ਸ਼ਰਾਬ ਪੀਤੀ, ਜਿਸ ਕਾਰਨ ਉਹ ਇਸ ਹਾਲਤ ਵਿਚ ਆ ਗਿਆ।
ਫੇਸਬੁੱਕ ਪੇਜ 'AggBani - ਅੱਗਬਾਣੀ' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ` ਲਿਖਿਆ, "ਦੇਸੀ ਦਾਰੂ ਦੀ ਭੱਟੀ ਪੀ ਗਿਆ ਪੂਰੀ ਚੀਤਾ ,,,ਹੁਣ ਚਾਲ ਦੇਖੋ ਅਗਲੇ ਦੀ,,,ਬੰਦਾ ਦਾਰੂ ਪੀ ਕੇ ਸ਼ੇਰ ਬਣ ਜਾਂਦਾ ਤੇ ਸ਼ੇਰ ਦਾ ਦਾਰੂ ਪੀ ਕੇ ਬੰਦੇ ਵਾਲਾ ਹਾਲ ਹੋਇਆ ਪਿਆ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਤੇਂਦੁਆ ਬੀਮਾਰ ਸੀ, ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਸੀ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ।
"ਇਹ ਚੀਤਾ ਦਿਮਾਗੀ ਬੀਮਾਰੀ ਤੋਂ ਪੀੜਤ ਹੈ"
ਸਾਨੂੰ ਇਸ ਵੀਡੀਓ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। ਰਿਪਬਲਿਕ ਭਾਰਤ ਨੇ ਇਸ ਮਾਮਲੇ 'ਤੇ 30 ਅਗਸਤ, 2023 ਨੂੰ ਇੱਕ ਵੀਡੀਓ ਰਿਪੋਰਟ ਸਾਂਝੀ ਕੀਤੀ ਅਤੇ ਸਿਰਲੇਖ ਲਿਖਿਆ, "MP: ਜਦੋਂ ਪਿੰਡ ਵਾਲਿਆਂ ਨੇ ਬਿਮਾਰ ਚੀਤੇ ਨੂੰ ਛੇੜਨਾ ਸ਼ੁਰੂ ਕੀਤਾ, ਉਸਦੀ ਪਿੱਠ 'ਤੇ ਕੀਤੀ ਸਵਾਰੀ, ਖਿੱਚੀਆਂ ਸੈਲਫੀ"
ਮੌਜੂਦ ਜਾਣਕਾਰੀ ਅਨੁਸਾਰ, "ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਵਾਸੀਆਂ ਨੇ ਇੱਕ ਚੀਤੇ ਨੂੰ ਘੇਰ ਲਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਅਜਿਹਾ ਸ਼ਾਂਤ ਚੀਤਾ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ। ਇਹ ਮਾਮਲਾ ਇੱਥੋਂ ਦੇ ਟੋਨਖੁਰਦ ਵਿਚ ਵਾਪਰਿਆ ਹੈ।"
ਹੁਣ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਸ ਮਾਮਲੇ ਨਾਲ ਜੁੜੀਆਂ ਖ਼ਬਰਾਂ ਦੀ ਖੋਜ ਸ਼ੁਰੂ ਕੀਤੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ 'ਨਈ ਦੁਨੀਆ' ਨੇ ਲਿਖਿਆ, ''ਦੇਵਾਸ ਦੇ ਇਕਲੇਰਾ ਪਿੰਡ 'ਚ ਪਾਏ ਗਏ ਬਿਮਾਰ ਚੀਤੇ 'ਚ ਕੈਨਾਈਨ ਡਿਸਟੈਂਪਰ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਇੰਦੌਰ ਦੇ ਕਮਲਾ ਨਹਿਰੂ ਜ਼ੂਲੋਜੀਕਲ ਮਿਊਜ਼ੀਅਮ ਦੀ ਚਿੰਤਾ ਵਧ ਗਈ ਹੈ। ਦੂਜੇ ਜਾਨਵਰਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਚੀਤੇ ਨੂੰ ਚਿੜੀਆਘਰ ਤੋਂ ਕਿਸੇ ਹੋਰ ਥਾਂ 'ਤੇ ਸ਼ਿਫਟ ਕਰ ਦਿੱਤਾ ਗਿਆ। ਐਤਵਾਰ ਨੂੰ ਦੇਵਾਸ ਜੰਗਲਾਤ ਵਿਭਾਗ ਦੀ ਟੀਮ ਨੇ ਚੀਤੇ ਨੂੰ ਵਾਪਸ ਲੈ ਲਿਆ। ਹੁਣ ਚੀਤੇ ਨੂੰ ਅਜਿਹੀ ਜਗ੍ਹਾ 'ਤੇ ਰੱਖਿਆ ਜਾਵੇਗਾ, ਜਿੱਥੇ ਹੋਰ ਜੰਗਲੀ ਜਾਨਵਰ ਇਸ ਦੇ ਸੰਪਰਕ 'ਚ ਨਾ ਆਉਣ। ਜੰਗਲਾਤ ਅਫਸਰਾਂ ਨੇ ਸੋਨਕਚ ਜੰਗਲੀ ਖੇਤਰ ਨੂੰ ਆਈਸੋਲੇਸ਼ਨ ਲਈ ਵਧੀਆ ਮੰਨਿਆ ਹੈ ਜਿੱਥੇ ਪਸ਼ੂ ਡਾਕਟਰ ਉਸ ਦੀ ਨਿਗਰਾਨੀ ਕਰ ਸਕਦੇ ਹਨ।"
ਇਹ ਖਬਰ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਸਬੰਧੀ NDTV ਦਾ ਟਵੀਟ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਤੇਂਦੁਆ ਬੀਮਾਰ ਸੀ, ਜਿਸ ਕਾਰਨ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਸੀ।