2020 'ਚ ਕਤਲ ਕੀਤੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਤਸਵੀਰ ਨੂੰ ਕੌਮੀ ਇਨਸਾਫ ਮੋਰਚੇ ਦੇ ਆਗੂ ਦਾ ਦੱਸ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਹੀ ਤਸਵੀਰ 2020 'ਚ ਕਤਲ ਕੀਤੇ ਗਏ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੈ ਨਾ ਕਿ ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦੀ।

Fact Check Unrelated image shared in the name of Balwinder Singh member of Qaumi Insaf Morcha

RSFC (Team Mohali)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਹੁਣ ਇਸੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨਾਲ ਜੋੜ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੰਜਾਬ ਦੇ ਸਾਬਕਾ DGP IPS ਕੰਵਰ ਪਾਲ ਸਿੰਘ ਗਿੱਲ ਨਾਲ ਇੱਕ ਵਿਅਕਤੀ ਨੂੰ ਮੀਟਿੰਗ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਹੋਰ ਕੋਈ ਨਹੀਂ ਬਲਕਿ ਕੌਮੀ ਇਨਸਾਫ ਮੋਰਚੇ ਨੂੰ ਲੀਡ ਕਰਨ ਵਾਲੇ ਆਗੂ ਬਲਵਿੰਦਰ ਸਿੰਘ ਹੈ। ਇਸ ਦਾਅਵੇ ਨੂੰ ਵਾਇਰਲ ਕਰਦਿਆਂ ਕੌਮੀ ਇਨਸਾਫ ਮੋਰਚੇ ਨੂੰ ਬਚਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2020 'ਚ ਕਤਲ ਕੀਤੇ ਗਏ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੈ ਨਾ ਕਿ ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Jatinder Singh Golu Uggoke" ਨੇ ਇਸ ਤਸਵੀਰ ਨਾਲ ਸਣੇ ਆਗੂ ਦੀ 2 ਤਸਵੀਰਾਂ ਦਾ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "ਕੌਮੀ ਇਨਸਾਫ ਮੋਰਚੇ ਚ ਆ ਬੈਠਾ ਬਲਵਿੰਦਰ ਕਾਮਰੇਡ ਬੁੱਚੜ ਕੇ ਪੀ ਐਸ ਗਿੱਲ ਨਾਲ ਜਿਸਨੇ ਸਾਡੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਕੋਹ ਕੋਹ ਮਾਰੇ,, ਇਹ ਕਾਮਰੇਡ ਹੁਣ ਮੋਰਚਾ ਹੈਕ ਕਰੀ ਬੈਠਾ।ਸਮਝੋ ਪੰਜਾਬੀਓ ਇਹ ਮੋਰਚਾ ਸਰਕਾਰੀ ਹੈ ਤਾਂ ਕੇ ਅਕਾਲੀ ਦਲ ਵੱਲੋਂ ਵਿੱਢੀ ਮੁਹਿੰਮ ਨੂੰ ਤਾਰਪੀਡੋ ਕੀਤਾ ਜਾਏ ਬਚੋ ਇਹਨਾਂ ਤੋਂ ਆਪਾਂ ਪਹਿਲਾਂ ਈ ਬਹੁਤ ਨੁਕਸਾਨ ਕਰਵਾਅ ਚੁੱਕੇ ਹਾਂ ਆਪਣੀ ਪੰਜਾਬ ਦੀ ਪਾਰਟੀ ਨੂੰ ਪਾਸੇ ਕਰਕੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਸੋਸ਼ਲ ਸੇਵਾ ਪੇਜ "ਲੋਕ ਅਧਿਕਾਰ ਲਹਿਰ - Lok Adhikar Lehar" 'ਤੇ ਇਸ ਤਸਵੀਰ ਨਾਲ ਜੋੜੇ ਜਾ ਰਹੇ ਆਗੂ ਬਲਵਿੰਦਰ ਸਿੰਘ ਦਾ ਸਪਸ਼ਟੀਕਰਣ ਮਿਲਿਆ। ਬਲਵਿੰਦਰ ਸਿੰਘ ਨੇ ਲਿਖਿਆ, "ਸੋਸ਼ਲ ਸਾਈਟਾਂ ਉਤੇ ਚਲ ਰਹੀ ਇਕ ਤਸਵੀਰ ਜ਼ਰੂਰ ਦੇਖੋ ਜੀ ਜਿਸ ਵਿਚ , ਸਿੱਖਾਂ ਦਾ ਕਾਤਲ ਅਤੇ ਸਟੇਟ ਦਾ ਸੰਦ , ਪੱਗੜੀਧਾਰੀ ਕੇ. ਪੀ. ਐਸ. ਗਿੱਲ ਨਾਲ ਮੇਰੀ ਫੇਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ ... ਇਹ 1988 ਤੋਂ 90 ਅਤੇ 1991 ਤੋਂ 95 ਤਕ ਪੰਜਾਬ ਦਾ ਡੀਜੀਪੀ  ਰਿਹਾ ਹੈ। 1988 ਵਿਚ ਤਾਂ ਮੈ ਦਸਵੀਂ ਵਿਚ ਪੜ੍ਹਦਾ ਸੀ ਅਤੇ 92 ਤੋਂ 94 ਤਕ ਜਗਤਾਰ ਸਿੰਘ ਹਵਾਰਾ ਜੀ ਨਾਲ ਫਰੀਦਕੋਟ ਵਿਚ ਪੜ੍ਹਨ ਦਾ ਸਮਾਂ ਸੀ, ਜਦੋਂ ਅਸੀਂ ਅਕਸਰ ਇਸ ਜ਼ਾਬਰ ਦੇ ਜ਼ੁਲਮ ਦੀਆਂ ਅਕਸਰ ਗਲਾਂ ਕਰਦੇ ਸੀ.... ਇਹ ਤਸਵੀਰ ਮੇਰੀ ਨਹੀਂ ਹੈ। ਇਕ ਸਧਾਰਨ ਬੰਦੇ ਨਾਲ ਸਟੇਟ ਦਾ ਇਨ੍ਹਾਂ ਤਾਕਤਵਰ ਸੰਦ ਬੈਠਾ ਹੋਵੇ ਅਤੇ ਲੋਕ ਓਸ ਬੰਦੇ ਬਾਰੇ ਜਾਣਦੇ ਨਾ ਹੋਣ ...ਅਸੀਂ ਤਾਂ ਰੁਲੇ ਹੋਏ ਆਮ ਲੋਕ ਹਾਂ ਭਰਾਵੋ ।   **ਕੌਣ ਲੋਕ ਹਨ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਨਹੀਂ ਚਾਹੁੰਦੇ। ** ਕੌਣ ਲੋਕ ਹਨ ਜਿਹੜੇ ਝੂਠ ਦੇ ਬਦਲ ਬਣ ਕੇ ਸੱਚ ਨੂੰ ਸੂਲੀ ਟੰਗ ਲੋਕਾਂ ਨੂੰ ਭੜਕਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਚਲ ਰਿਹਾ ਮੋਰਚਾ ਖਤਮ ਕਰਨਾ ਚਾਹੁੰਦੇ ਹਨ !! " ਕੌਮੀ ਇਨਸਾਫ਼ ਮੋਰਚੇ " ਨੂੰ ਚੜਦੀਕਲਾ ਵਿਚ ਰੱਖਣ ਲਈ ਅਜਿਹੇ ਉਨਾਂ ਲੋਕਾਂ ਤੋਂ     ਸੁਚੇਤ ਹੋਣਾ ਲਾਜ਼ਮੀ ਹੈ ਭੈਣੋ ਅਤੇ ਵੀਰੋ , ਜਿਹੜੇ ਮੈਨੂੰ ਅਤੇ ਰੁਪਿੰਦਰ ਸਿੰਘ ਨੂੰ ਬਦਨਾਮ ਕਰਨ ਲਈ ਸਾਰਾ ਦਿਨ ਫੇਸ ਬੁੱਕ ਉਤੇ ਸਾਡੀਆਂ ਵੀਡਿਉ ਕਟ ਕੇ ਮਿਹਨਤ ਕਰਦੇ ਹਨ ।.... ਪੰਥ ਅਤੇ ਪੰਜਾਬ ਦੇ ਦੁਸ਼ਮਣ ਇਹ ਅਭਾਗੇ ਲੋਕ   ਭਰਮ ਅਤੇ ਭੁਲੇਖਿਆਂ ਦੀ ਕੰਧ ਖੜੀ ਕਰਕੇ ਦੁਨੀਆਂ ਵਿਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਕੋਲੋਂ   , ਚੰਡੀਗੜ ਦੀ ਧਰਤੀ ਉੱਤੇ ਚੱਲ ਰਹੇ ਹੱਕ ਅਤੇ ਸੱਚ ਦੇ ਚੜ੍ਹ ਰਹੇ ਸੂਰਜ ਦੀ ਰੌਸ਼ਨੀ ਨੂੰ ਢਕ ਲੈਣਾ ਚਾਹੁੰਦੇ ਹਨ .... ਅਫਸੋਸ ਇਹ ਸਾਰਾ ਕੁਝ ਇਹ ਪੰਥ ਦੇ ਮਖੌਟੇ ਹੇਠ ਕਰਨਾ ਲੋਚਦੇ ਹਨ । ਅਸੀਂ ਅਜਿਹੇ ਲੋਕਾਂ ਦੇ ਝੂਠੇ ਫੈਲਾਏ ਜਾ ਰਹੇ ਪ੍ਰਾਪੇਗੰਡੇ ਉੱਤੇ ਸਫਾਈਆਂ ਦੇ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਕਿਉੰਕਿ ਮੋਰਚੇ ਵਿਚ ਸ਼ਾਮਿਲ ਗਤੀਵਿਧੀਆਂ ਕਰਦਿਆਂ ਅਸੀਂ ਸਿਰਫ 4 ਘੰਟੇ ਆਰਾਮ ਕਰਦੇ ਹਾਂ ਅਤੇ ਕਈ ਵਾਰ 24 ਘੰਟੇ ਚਲ ਰਹੇ ਲੰਗਰ ਵਿਚ ਰੋਟੀ ਵੀ ਇਕ ਵਾਰ ਖਾਂਦੇ ਹਾਂ..  । ਇਹ ਲੋਕ ਬਾਦਲਾਂ , ਸੁਮੇਧ ਸੈਣੀਆਂ ਅਤੇ ਸੌਦਾ ਸਾਧ ਵਰਗਿਆਂ ਨਾਲ ਮਿਲ ਕੇ ਜਾਂ ਆਪਣੀ ਹਉਮੈ ਅਤੇ ਚੌਧਰ ਨੂੰ ਪੱਠੇ ਪਾਉਣ ਲਈ ਅਜਿਹੀ ਮੁਹਿੰਮ ਚਲਾ ਰਹੇ ਹਨ ਜਿਹੜੀ, ਹੱਕਾਂ ਲਈ ਜਾਗ ਕੇ  ਇਨਸਾਫ਼ ਮੋਰਚੇ ਵਿਚ ਸ਼ਾਮਿਲ ਹੋ ਰਹੀ ਲੋਕ ਸ਼ਕਤੀ ਨੂੰ ਖਿੰਡਾ ਦੇਣ ਲਈ ਹੈ । ਜਾਗ ਜਾਓ ਇਹ ਮੋਰਚਾ ਤੁਹਾਡਾ ਹੈ , ਤਕਦੀਰ ਹੈ ਪੰਜਾਬ ਦੀ ਅਤੇ ਕਾਲ ਹੈ ਜ਼ਾਲਮਾਂ ਦਾ ...ਮੇਰੀ ਵੰਗਾਰ ਹੈ ਇਨ੍ਹਾਂ ਝੂਠ ਦੇ ਵਪਾਰੀਆਂ ਨੂੰ ਕੇ ਆਓ ਤੁਸੀ ਸਾਬਤ ਕਰੋ ਕੇ ਬੁਚੜ ਕੇ ਪੀ ਐਸ ਗਿੱਲ ਨਾਲ ਤਸਵੀਰ ਮੇਰੀ ਹੈ ਤਾਂ ਮੈ ਮੋਰਚਾ ਛਡ ਜਾਵਾਂਗਾ... ਵਰਨਾ ਟਕਰ ਕਿੰਨਾ ਨਾਲ ਹੈ ਅਸੀਂ ਜਾਣਦੇ ਹਾਂ ਅਤੇ ਹਰ ਤਰਾਂ ਦੇ ਜ਼ਬਰ ਲਈ ਤਿਆਰ ਹੋਕੇ ਹੀ ਸੜਕ ਤੇ ਬੈਠੇ ਹਾਂ ....। ਬਲਵਿੰਦਰ ਸਿੰਘ ਮੈਂਬਰ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ।" (ਇਸ ਕੈਪਸ਼ਨ ਵਿਚ ਰੋਜ਼ਾਨਾ ਸਪੋਕਸਮੈਨ ਵੱਲੋਂ ਕੋਈ ਬਦਲਾਵ ਨਹੀਂ ਕੀਤਾ ਗਈ ਹੈ।)

ਬਲਵਿੰਦਰ ਸੰਧੂ ਨੇ ਪੇਜ ਜਰੀਏ ਸਾਫ ਕੀਤਾ ਕਿ ਵਾਇਰਲ ਤਸਵੀਰ ਉਨ੍ਹਾਂ ਦੀ ਨਹੀਂ ਹੈ।

ਹੁਣ ਵਾਇਰਲ ਤਸਵੀਰ ਕਿਸਦੀ ਹੈ?

ਅਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਤਸਵੀਰ ਉੱਤੇ BBC ਅਤੇ Tarn Taran Punjab ਲਿਖਿਆ ਹੋਇਆ ਹੈ। ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ "Balwinder KPS Gill Tarn Taran" ਆਦਿ ਵਰਗੇ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ Sikh 24 ਦੀ ਇੱਕ ਖਬਰ 'ਚ ਇਹ ਤਸਵੀਰ ਅਪਲੋਡ ਮਿਲੀ। ਤਸਵੀਰ ਨੂੰ ਮੁੱਖ ਰੱਖ ਕੇ ਖਬਰ ਦਾ ਸਿਰਲੇਖ ਦਿੱਤਾ ਗਿਆ, "Punjab Police rule out Delhi Police’s theory linking leftist leader’s murder to Khalistan"

ਖਬਰ ਵਿਚ ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ, "An old photo of Balwinder Singh Sandhu with Sikhs’ butcher KPS Gill"

ਖਬਰ ਵਿਚ ਬਲਵਿੰਦਰ ਸੰਧੂ ਦੇ ਕਤਲ ਮਾਮਲੇ 'ਚ ਅਪਡੇਟ ਸਬੰਧੀ ਜਾਣਕਾਰੀਆਂ ਦਿੱਤੀ ਗਈ ਸੀ। ਮਤਲਬ ਸਾਫ ਕਿ ਜਿਹੜੀ ਤਸਵੀਰ ਨੂੰ ਕੌਮੀ ਇਨਸਾਫ ਮੋਰਚੇ ਦੇ ਆਗੂ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਕੋਈ ਦੂਸਰਾ ਬਲਵਿੰਦਰ ਸਿੰਘ ਹੈ ਜਿਸਦਾ ਕਤਲ ਹੋ ਚੁੱਕਿਆ ਸੀ।

"ਕੌਣ ਹੈ ਤਸਵੀਰ ਵਿਚ ਦਿੱਸ ਰਿਹਾ ਬਲਵਿੰਦਰ ਸੰਧੂ?"

PTC News ਦੀ ਖਬਰ ਅਨੁਸਾਰ, "16 ਅਕਤੂਬਰ 2020 ਨੂੰ ਕਸਬਾ ਭਿੱਖੀਵਿੰਡ ਵਿਖੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ 2 ਨਕਾਬਪੋਸ਼ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।"

"ਕਿਵੇਂ ਮਿਲਿਆ ਸੀ ਇਹ ਪੁਰਸਕਾਰ?"

ਖਬਰ ਅਨੁਸਾਰ, "ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੇ 200 ਅੱਤਵਾਦੀਆਂ ਨਾਲ ਬਲਵਿੰਦਰ ਸਿੰਘ ਦੇ ਘਰ ਉਪਰ ਹਮਲਾ ਕਰ ਦਿੱਤਾ ਸੀ। ਬਲਵਿੰਦਰ ਦੇ ਪਰਿਵਾਰ ਦੀ ਅੱਤਵਾਦੀਆਂ ਨਾਲ ਸਖ਼ਤ ਟੱਕਰ ਸੀ। ਪੰਜ ਘੰਟੇ ਚੱਲੇ ਮੁਕਾਬਲੇ ਵਿੱਚ ਪੰਜਵੜ ਭੱਜ ਖੜ੍ਹਾ ਹੋ ਗਿਆ ਸੀ ਤੇ ਉਸਦੇ ਕਈ ਸਾਥੀ ਮਾਰੇ ਗਏ ਸਨ। 1993 'ਚ ਗ੍ਰਹਿ ਮੰਤਰਾਲੇ ਦੀ ਸਿਫਾਰਸ਼ 'ਤੇ ਤਤਕਾਲੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਬਲਵਿੰਦਰ ਸਿੰਘ, ਉਸ ਦੇ ਵੱਡੇ ਭਰਾ ਰਣਜੀਤ ਸਿੰਘ ਤੇ ਦੋਵਾਂ ਭਰਾਵਾਂ ਦੀਆਂ ਪਤਨੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਸੀ।"

ਸਾਡੀ ਪੜਤਾਲ ਤੋਂ ਸਾਫ ਹੋ ਚੁੱਕਿਆ ਸੀ ਕਿ ਵਾਇਰਲ ਤਸਵੀਰ ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸੰਧੂ ਦੀ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2020 'ਚ ਕਤਲ ਕੀਤੇ ਗਏ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਹੈ ਨਾ ਕਿ ਕੌਮੀ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦੀ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।