5 ਸਾਲ ਪੁਰਾਣਾ ਵੀਡੀਓ ਵਾਇਰਲ ਕਰ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਫੈਲਾਇਆ ਜਾ ਰਿਹਾ ਜ਼ਹਿਰ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਜੁਲਾਈ 2018 ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਇੱਕ ਸਿੱਖ ਵਿਅਕਤੀ ਨੂੰ ਇੱਕ ਪਰਵਾਸੀ ਸਾਈਕਲ ਸਵਾਰ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਦਿਆਂ ਪੰਜਾਬ 'ਚ ਹਿੰਦੂਆਂ ਉੱਤੇ ਜ਼ੁਲਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਵੀਡੀਓ ਵਾਇਰਲ ਕਰਦਿਆਂ ਪਰਵਾਸੀ ਵਿਅਕਤੀ ਨੂੰ ਇਨਸਾਫ ਦਵਾਉਣ ਦੀ ਗੱਲ ਕੀਤੀ ਜਾ ਰਹੀ ਹੈ।
X ਅਕਾਊਂਟ हम लोग We The People ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "पंजाब खालिस्तानी द्वारा पीटे जा रहे इस गरीब हिंदू को न्याय मिलना चाहिए.- यह सोशल मीडिया पर सबसे दुखद वीडियो है, मैं आप सभी से अनुरोध करता हूं कि इस जानवर को सलाखों के पीछे डालने हेतु ज्यादा से ज्यादा प्रसारित करें।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਜੁਲਾਈ 2018 ਦਾ ਹੈ। ਦੱਸ ਦਈਏ ਕਿ ਵੀਡੀਓ ਦੇ ਵਾਇਰਲ ਹੋਣ ਮਗਰੋਂ 2018 'ਚ ਸਿੱਖ ਵਿਅਕਤੀ ਨੇ ਵੀਡੀਓ ਬਿਆਨ ਜਾਰੀ ਕਰ ਮਾਫੀ ਮੰਗ ਲਈ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਅਸੀਂ ਪਾਇਆ ਕਿ ਸਿੱਖ ਵਿਅਕਤੀ ਪਰਵਾਸੀ ਵਿਅਕਤੀ ਨਾਲ ਕੇਸ ਖਰੀਦਣ ਨੂੰ ਲੈ ਕੇ ਕੁੱਟਮਾਰ ਕਰ ਰਿਹਾ ਹੈ। ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰ ਲੱਭਣੀ ਸ਼ੁਰੂ ਕੀਤੀ।
ਵਾਇਰਲ ਵੀਡੀਓ 2018 ਦਾ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ 2018 ਦੇ ਮਿਲੇ। ਫੇਸਬੁੱਕ ਪੇਜ "Channel Punjab" ਨੇ 10 ਜੁਲਾਈ 2018 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਇੱਕ ਗਰੀਬ ਵਿਅਕਤੀ ਨੂੰ ਰੋਜੀ ਰੋਟੀ ਕਮਾਉਣ ਲਈ ਵਾਲ ਖਰੀਦਣੇ ਪਏ ਮਹਿੰਗੇ"
ਇਸ ਜਾਣਕਾਰੀ ਤੋਂ ਬਾਅਦ ਕਾਫੀ ਸਰਚ ਮਗਰੋਂ ਸਾਨੂੰ ਵਾਇਰਲ ਵੀਡੀਓ ਵਿਚ ਦਿੱਸ ਰਹੇ ਸਿੱਖ ਵਿਅਕਤੀ ਦਾ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਵੀਡੀਓ ਮਿਲਿਆ।
ਫੇਸਬੁੱਕ ਪੇਜ "M Singh Haddi Walia" ਨੇ 31 ਜੁਲਾਈ 2018 ਨੂੰ ਇਹ ਵੀਡੀਓ ਸਾਂਝਾ ਕੀਤਾ। ਪੇਜ ਨੇ 2 ਵੀਡੀਓਜ਼ ਸਾਂਝੇ ਕੀਤੇ। ਪਹਿਲਾ ਵੀਡੀਓ ਜਿਸਦੇ ਵਿਚ ਸਿੱਖ ਵਿਅਕਤੀ ਦਾ ਸਪਸ਼ਟੀਕਰਨ ਸੀ ਤੇ ਦੂਜਾ ਵੀਡੀਓ ਲੋਕਜਨ ਸ਼ਕਤੀ ਪਾਰਟੀ ਦੇ ਵਰਕਰਾਂ ਦਾ ਸੀ।
ਸਿੱਖ ਵਿਅਕਤੀ ਨੇ ਵੀਡੀਓ ਜਾਰੀ ਕਰ ਮੁਆਫੀ ਮੰਗ ਲਈ ਸੀ ਤੇ ਇਸਦੇ ਨਾਲ ਹੀ ਲੋਕਜਨ ਸ਼ਕਤੀ ਪਾਰਟੀ ਦੇ ਵਰਕਰਾਂ ਨੇ ਇਹ ਗੱਲ ਸਾਫ ਕੀਤੀ ਕਿ ਸਿੱਖ ਵਿਅਕਤੀ ਨੇ ਪਰਵਾਸੀ ਦੇ ਸਮਾਨ ਦੀ ਭੰਨਤੋੜ ਦੇ ਖਰਚਾ ਆਪਣੇ ਹੱਥ ਲੈ ਲਿਆ ਹੈ।
"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੇ ਥਾਂ ਅਤੇ ਮਿਤੀ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਜੁਲਾਈ 2018 ਤੋਂ ਵਾਇਰਲ ਹੈ ਅਤੇ ਪਰਵਾਸੀ ਨੂੰ ਕੁੱਟਣ ਵਾਲੇ ਸਿੱਖ ਵਿਅਕਤੀ ਨੇ ਮੁਆਫੀ ਵੀ ਮੰਗ ਲਈ ਸੀ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਜੁਲਾਈ 2018 ਦਾ ਹੈ। ਦੱਸ ਦਈਏ ਕਿ ਵੀਡੀਓ ਦੇ ਵਾਇਰਲ ਹੋਣ ਮਗਰੋਂ 2018 'ਚ ਸਿੱਖ ਵਿਅਕਤੀ ਨੇ ਵੀਡੀਓ ਬਿਆਨ ਜਾਰੀ ਕਰ ਮਾਫੀ ਮੰਗ ਲਈ ਸੀ।