ਰੇਲ ਦੀ ਪੱਟੜੀ 'ਤੇ ਸੁੱਟੇ ਗਏ ਸਿਲੰਡਰ ਦੀ ਇਸ ਵੀਡੀਓ ਦਾ ਪੜ੍ਹੋ ਅਸਲ ਸੱਚ
ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਜਦੋਂ ਗੰਗਾਰਾਮ ਨਾਂਅ ਦੇ ਵਿਅਕਤੀ ਵੱਲੋਂ ਖਾਲੀ ਸਿਲੰਡਰ ਰੇਲ ਦੀ ਪੱਟੜੀ 'ਤੇ ਸੁੱਟ ਦਿੱਤਾ ਸੀ।
RSFC (Team Mohali)- ਕੁਝ ਦਿਨਾਂ ਪਹਿਲਾਂ ਹੋਏ ਉੜੀਸਾ 'ਚ ਰੇਲ ਹਾਦਸੇ ਨੇ ਪੂਰੀ ਦੁਨੀਆ ਨੂੰ ਝਕਝੋਰ ਕੇ ਰੱਖ ਦਿੱਤਾ। ਇਸ ਹਾਦਸੇ ਵਿਚ ਵਿਛੜੀਆਂ ਰੂਹਾਂ ਲਈ ਦੁਨੀਆ ਦੇ ਤਮਾਮ ਵੱਡੇ ਆਗੂਆਂ ਨੇ ਅਰਦਾਸ ਕੀਤੀ। ਹੁਣ ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਫਟੇ ਸਿਲੰਡਰ ਨੂੰ ਟ੍ਰੇਨ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਈ ਸਵਾਲ ਚੁੱਕੇ ਜਾ ਰਹੇ ਹਨ। ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰੇਲ ਹਾਦਸੇ ਸਾਜਿਸ਼ਾਂ ਤਹਿਤ ਹੋ ਰਹੇ ਹਨ।
ਫੇਸਬੁੱਕ ਯੂਜ਼ਰ ਜਸਪਿੰਦਰ ਸਿੰਘ ਜੱਸ ਨੇ 6 ਜੂਨ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹ ਕਿਸੇ ਸ਼ਰਾਰਤੀ ਅਨਸਰ ਨੇ ਚਲਦੀ ਟ੍ਰੇਨ ਅੱਗੇ ਸਿਲੰਡਰ ਸੁਟਤਾ ਧਮਾਕਾ ਕਰਕੇ ਟ੍ਰੇਨ ਪਲਟਾਉਣ ਦੀ ਨਿਅਤ ਨਾਲ"
ਇਸੇ ਤਰ੍ਹਾਂ ਟਵਿੱਟਰ ਅਕਾਊਂਟ हम लोग We The People ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਵੀਡੀਓ ਹਲਦ੍ਵਾਨੀ ਦਾ ਹੈ ਜਿੱਥੇ ਚਲਦੀ ਟ੍ਰੇਨ ਸਾਹਮਣੇ ਭਰਿਆ ਸਿਲੰਡਰ ਸੁੱਟ ਦਿੱਤਾ। ਅਕਾਊਂਟ ਨੇ ਲਿਖਿਆ, "इन दिनों देश में हो रहे रेल हादसों के पीछे कहीं कोई साजिश तो नहीं है ?? वीडियो में दिखाएं मुताबिक हल्द्वानी में चलती ट्रेन के आगे एक व्यक्ति ने फेंका भरा गैस सिलेंडर ????"
ਅਸੀਂ ਇਹ ਵੀ ਪਾਇਆ ਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਸੰਪਰਦਾਇਕ ਫਿਰਕੂ ਰੰਗ ਦੇ ਕੇ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਆਪਣੀ ਸਰਚ ਦੌਰਾਨ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਜਦੋਂ ਗੰਗਾਰਾਮ ਨਾਂਅ ਦੇ ਵਿਅਕਤੀ ਵੱਲੋਂ ਖਾਲੀ ਸਿਲੰਡਰ ਰੇਲ ਦੀ ਪੱਟੜੀ 'ਤੇ ਸੁੱਟ ਦਿੱਤਾ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਵੀਡੀਓਜ਼ ਸਣੇ ਪੋਸਟਾਂ ਨੂੰ ਧਿਆਨ ਨਾਲ ਦੇਖਿਆ। ਦੱਸ ਦਈਏ हम लोग We The People ਦੇ ਇਸ ਪੋਸਟ 'ਤੇ @rpfnerizn ਨਾਂਅ ਦੇ ਅਕਾਊਂਟ ਦੁਆਰਾ ਰਿਪ੍ਲਾਈ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦੇ ਵਿਚ ਕਾਰਵਾਈ ਵੀ ਹੋਈ ਹੈ। ਅਕਾਊਂਟ ਨੇ ਰਿਪਲਾਈ ਲਿਖਿਆ, "श्रीमान उक्त वीडियो के सम्बन्ध में रेसुब चैकी हल्द्वानी के उनि0 के द्वारा बताया गया कि उक्त वीडियो दिनांक-05.07.22 (पुराना वीडियो है) जिसमें मुअसं-131/22 अंतर्गत धारा/174, 153 रेल अधिनियम सरकार बनाम गंगाराम के विरुद्ध मामला पंजीकृत किया जा चुका है।"
ਇਸ ਜਾਣਕਾਰੀ ਨੂੰ ਜਦੋਂ ਅਸੀਂ ਕੀਵਰਡ ਸਰਚ ਕੀਤਾ ਤਾਂ ਪਾਇਆ ਕਿ RPF ਇੰਸਪੈਕਟਰ ਚੰਦਰਪਾਲ ਸਿੰਘ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਟਵੀਟ ਕੀਤਾ ਹੈ। ਚੰਦਰਪਾਲ ਸਿੰਘ ਨੇ ਲਿਖਿਆ, "मैं IPF/RPF/ काठगोदाम NER. ट्रेन के नीचे सिलेंडर वाला वायरल वीडियो दिनांक 5.7.2022 का है जिसमें मामला रेल अधिनियम की धारा 153, 174 बनाम गंगाराम दर्ज है जिसमें शिकायत पत्र न्यायालय दाखिल किया जा चुका है मामला अभी न्यायालय विचाराधीन है।"
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਚੰਦਰਪਾਲ ਸਿੰਘ ਨਾਲ ਫੋਨ 'ਤੇ ਗੱਲ ਕੀਤੀ। ਇੰਸਪਕੇਟਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਮਾਮਲਾ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ ਜਦੋਂ ਸਿਲੰਡਰ ਭਰਵਾਉਣ ਜਾ ਰਿਹਾ ਵਿਅਕਤੀ ਸਾਹਮਣੇ ਆਉਂਦੀ ਟ੍ਰੇਨ ਤੋਂ ਡੱਰ ਕੇ ਆਪਣਾ ਸਿਲੰਡਰ ਪੱਟੜੀ 'ਤੇ ਸੁੱਟ ਕੇ ਭੱਜ ਜਾਂਦਾ ਹੈ।"
ਫਿਰਕੂ ਰੰਗਤ ਵਾਲੇ ਦਾਅਵਿਆਂ ਨੂੰ ਲੈ ਕੇ ਪੁਲਿਸ ਇੰਸਪੈਕਟਰ ਨੇ ਕਿਹਾ, "ਵਿਅਕਤੀ ਹਿੰਦੂ ਸੀ ਅਤੇ ਉਸਦਾ ਨਾਮ ਗੰਗਾਰਾਮ ਸੀ। ਇਸ ਮਾਮਲੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ। ਆਰੋਪੀ 2 ਮਹੀਨੇ ਜੇਲ੍ਹ 'ਚ ਵੀ ਬੰਦ ਰਿਹਾ ਸੀ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਆਪਣੀ ਸਰਚ ਦੌਰਾਨ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਜਦੋਂ ਗੰਗਾਰਾਮ ਨਾਂਅ ਦੇ ਵਿਅਕਤੀ ਵੱਲੋਂ ਖਾਲੀ ਸਿਲੰਡਰ ਰੇਲ ਦੀ ਪੱਟੜੀ 'ਤੇ ਸੁੱਟ ਦਿੱਤਾ ਸੀ।