ਫਰਜ਼ੀ ਖਬਰਾਂ ਤੋਂ ਬਚੋ: ਮੁਹਾਲੀ ਵਿਚ ਮਗਰਮੱਛ ਦੇਖੇ ਜਾਣ ਦਾ ਦਾਅਵਾ ਸਿਰਫ਼ ਅਫਵਾਹ
ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਹਾਲੀਆ ਹੜ੍ਹ ਦੀ ਸਥਿਤੀ ਵਿਚ ਮੁਹਾਲੀ ਦੇ ਪਿੰਡ ਬਡਾਲੀ ਵਿਚ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆ ਹੈ।
ਇੱਕ ਫੇਸਬੁੱਕ ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮੁਹਾਲੀ ਦੇ ਪਿੰਡ ਬਡਾਲੀ ਵਿੱਚ ਆਇਆ ਮਗਰਮੱਛ ਰਿਹਾਇਸ਼ੀ ਇਲਾਕੇ ਵਿੱਚ ਮਗਰਮੱਛ ਕਾਰਨ ਲੋਕ ਸਹਿਮੇ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਦੱਸ ਦਈਏ ਕਿ ਸਾਨੂੰ ਇਹ ਵਾਇਰਲ ਵੀਡੀਓ ਕਈ ਪੁਰਾਣੇ ਪੋਸਟਾਂ ਤੇ ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ ਜਿਸਤੋਂ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ।
ਇੱਕ Youtube ਅਕਾਊਂਟ "Gaon K sakha" ਨੇ ਇਸ ਵੀਡੀਓ ਨੂੰ ਜੂਨ 2022 ਵਿਚ ਸਾਂਝਾ ਕੀਤਾ ਸੀ।
ਦੱਸ ਦਈਏ ਅਸੀਂ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਅਤੇ ਥਾਂ ਦੀ ਕੋਈ ਪੁਸ਼ਟੀ ਨਹੀਂ ਕਰਦੇ ਹਾਂ ਪਰ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਸ ਵੀਡੀਓ ਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।
ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਮੁਹਾਲੀ ਵਿਚ ਹਾਲੀਆ ਕੋਈ ਮਗਰਮੱਛ ਵੇਖਿਆ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ DC Mohali ਦੇ ਟਵਿੱਟਰ ਅਕਾਊਂਟ ਤੋਂ ਵਾਇਰਲ ਦਾਅਵੇ ਦਾ ਖੰਡਨ ਕਰਦਾ ਟਵੀਟ ਮਿਲਿਆ। ਟਵੀਟ ਕਰਦਿਆਂ ਲਿਖਿਆ ਗਿਆ, "ਖਰੜ ਦੇ ਪੀਰ ਸੋਹਾਣਾ ਪਿੰਡ ਵਿੱਚ ਬਰਸਾਤੀ ਪਾਣੀ ਵਿੱਚ ਮਗਰਮੱਛ ਦੇ ਹੋਣ ਦੀ ਘਟਨਾ ਕੋਰੀ ਅਫ਼ਵਾਹ ਹੈ। ਜ਼ਿਲ੍ਹਾ ਪ੍ਰਸ਼ਾਸਨ ਆਪ ਸਭ ਨੂੰ ਅਪੀਲ ਕਰਦਾ ਹੈ ਕਿ ਅਜਿਹੀਆਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਅਤੇ ਅਫ਼ਵਾਹ ਫ਼ੈਲਾਉਣ ਵਾਲੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0172-2219505 ਤੇ ਸੂਚਿਤ ਕੀਤਾ ਜਾਵੇ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।