ਇਜ਼ਰਾਈਲੀ ਬੱਚਿਆਂ ਨੂੰ ਪਿੰਜਰੇ 'ਚ ਹਮਾਸ ਲੜਾਕਿਆਂ ਨੇ ਕੀਤਾ ਕੈਦ? Fact Check ਰਿਪੋਰਟ
ਇਹ ਵੀਡੀਓ ਇਜ਼ਰਾਈਲ-ਫਿਲਿਸਤਿਨ ਵਿਚਕਾਰ ਚਲ ਯੁੱਧ ਦੇ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਸਦਾ ਯੁੱਧ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਇਜ਼ਰਾਈਲ-ਫਿਲਿਸਤਿਨ ਵਿਚਕਾਰ ਚਲ ਰਹੇ ਯੁੱਧ ਨੂੰ ਲੈ ਕੇ ਸੋਸ਼ਲ ਮੀਡਿਆ ਵੀਡੀਓ-ਤਸਵੀਰਾਂ ਨਾਲ ਭਰਿਆ ਪਿਆ ਹੈ। ਇਸ ਯੁੱਧ ਨੂੰ ਲੈ ਕੇ ਕਈ ਸਾਰੇ ਪੁਰਾਣੇ ਵੀਡੀਓ ਅਤੇ ਗੁੰਮਰਾਹਕੁਨ ਦਾਅਵੇ ਵੀ ਵਾਇਰਲ ਹੋਏ ਹਨ। ਹੁਣ ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪਿੰਜਰਿਆਂ 'ਚ ਬੱਚੇ ਬੰਦ ਵੇਖੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਲਸਤੀਨੀ ਇਸਲਾਮੀ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਇਜ਼ਰਾਈਲੀ ਬੱਚਿਆਂ ਨੂੰ ਮੁਰਗੀਆਂ ਵਾਲੇ ਪਿੰਜਰੇ 'ਚ ਕੈਦ ਕਰ ਰੱਖਿਆ ਗਿਆ ਹੈ।
ਫੇਸਬੁੱਕ ਪੇਜ Shamsher Singh Moolniwasi ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਬਹੁਤ ਹੀ ਸ਼ਰਮਨਾਕ ????????ਫਲਸਤੀਨੀ ਇਸਲਾਮੀ ਅੱਤਵਾਦੀਆਂ ਦੁਆਰਾ ਅਗਵਾ ਕੀਤੇ ਗਏ ਇਜ਼ਰਾਈਲੀ ਬੱਚਿਆਂ ਨੂੰ ਮੁਰਗੀਆਂ ਵਾਲੇ ਪਿੰਜਰੇ ਚ ਕੈਦ ਕਰ ਰੱਖਿਆ ਗਿਆ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਇਜ਼ਰਾਈਲ-ਫਿਲਿਸਤਿਨ ਵਿਚਕਾਰ ਚਲ ਯੁੱਧ ਦੇ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਸਦਾ ਯੁੱਧ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੁਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ ਟਵਿੱਟਰ 'ਤੇ ਇਸ ਵੀਡੀਓ ਨੂੰ ਲੈ ਕੇ Fake Reporter ਨਾਂਅ ਦੇ ਅਕਾਊਂਟ ਤੋਂ ਟਵੀਟ ਮਿਲਿਆ। ਜਾਣਕਾਰੀ ਦਿੰਦਿਆਂ ਅਕਾਊਂਟ ਨੇ ਸਾਫ ਕੀਤਾ ਕਿ ਇਹ ਵੀਡੀਓ 5 ਅਕਤੂਬਰ ਨੂੰ TikTok 'ਤੇ ਅਪਲੋਡ ਕੀਤਾ ਗਿਆ ਅਤੇ ਇਹ ਵੀਡੀਓ ਇਜ਼ਰਾਈਲ-ਫਿਲਿਸਤਿਨ ਵਿਚਕਾਰ ਯੁੱਧ ਛਿੜਨ ਤੋਂ ਪਹਿਲਾਂ ਅਪਲੋਡ ਕੀਤਾ ਗਿਆ ਸੀ।
ਅਕਾਊਂਟ ਨੇ ਜਾਣਕਾਰੀ ਦਿੰਦਿਆਂ ਲਿਖਿਆ, "ਪਿੰਜਰੇ 'ਚ ਬੰਦ ਬੱਚਿਆਂ ਦਾ ਇਹ ਵੀਡੀਓ Tiktok ਅਕਾਊਂਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਸ ਵੀਡੀਓ ਦਾ ਅਸਲ ਲਿੰਕ ਹੁਣ ਡਿਲੀਟ ਹੋ ਗਯਾ ਹੈ। ਅਸੀਂ ਇਸ ਵੀਡੀਓ ਦੇ ਮੂਲ ਥਾਂ ਬਾਰੇ ਨਹੀਂ ਜਾਣਦੇ ਪਰ ਅਸੀਂ ਇਸਦੇ ਟਾਈਮ ਸਟੰਪ (ਵੀਡੀਓ ਅਪਲੋਡ ਕਰਨ ਦੀ ਮਿਤੀ) ਤੋਂ ਇਹ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਵੀਡੀਓ ਘਟੋਂ-ਘਟ 5 ਦਿਨ ਪਹਿਲਾਂ ਅਪਲੋਡ ਕੀਤਾ ਗਿਆ ਸੀ। ਅਸੀਂ ਇਸ ਵੀਡੀਓ ਦੇ ਸਕ੍ਰੀਨਸ਼ੋਟ ਸਾਂਝੇ ਕਰ ਰਹੇ ਹਾਂ।"
ਦੱਸ ਦਈਏ ਕਿ FakeReporter.net ਇਬਰਾਨੀ ਭਾਸ਼ਾ ਵਿਚ ਇੱਕ ਸਰਚ ਇਨੀਸ਼ੀਏਟਿਵ ਹੈ।
ਹੁਣ ਅਸੀਂ ਅੱਗੇ ਵਧਦੇ ਹੋਏ ਮਾਮਲੇ ਨੂੰ ਲੈ ਕੇ ਹੋਰ ਸਰਚ ਕੀਤਾ। ਦੱਸ ਦਈਏ ਸਾਨੂੰ "https://kashif.ps/" 'ਤੇ ਇਸ ਵੀਡੀਓ ਨੂੰ ਲੈ ਕੇ ਆਰਟੀਕਲ ਮਿਲਿਆ ਜਿਸਦੇ ਵਿਚ ਇਸ ਵੀਡੀਓ ਨੂੰ ਬਣਾਉਣ ਵਾਲੇ ਵਿਅਕਤੀ ਦਾ ਬਿਆਨ ਸ਼ਾਮਲ ਸੀ।
ਖਬਰ ਅਨੁਸਾਰ, ਇਸ ਵੀਡੀਓ ਨੂੰ "ਮਜ਼ਲੂਮ ਫੀਬਾ ਲੇਡੀ" ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਸੀ ਅਤੇ ਅਕਾਊਂਟ ਦਾ ਮਾਲਕ, ਗਾਜ਼ਾ ਪੱਟੀ ਦਾ ਇੱਕ ਨੌਜਵਾਨ ਹੈ ਜਿਸਨੇ 11 ਅਕਤੂਬਰ 2023 ਨੂੰ ਇੱਕ ਵੀਡੀਓ ਕਲਿੱਪ ਰਾਹੀਂ ਆਪਣੇ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਸਾਂਝਾ ਕੀਤਾ।
ਉਸ ਵਿਅਕਤੀ ਨੇ ਪੁਸ਼ਟੀ ਕੀਤੀ ਕਿ ਜੋ ਬੱਚੇ ਵਾਇਰਲ ਵੀਡੀਓ ਕਲਿੱਪ ਵਿਚ ਦਿਖਾਈ ਦਿੱਤੇ ਸਨ, ਉਹ ਉਸਦੇ ਰਿਸ਼ਤੇਦਾਰ ਸਨ ਨਾ ਕਿ ਇਜ਼ਰਾਈਲੀ ਬੱਚੇ ਅਤੇ ਉਸਨੇ ਇਹ ਵੀਡੀਓ ਯੁੱਧ ਤੋਂ ਤਿੰਨ ਦਿਨ ਪਹਿਲਾਂ ਸਾਂਝਾ ਕੀਤਾ ਸੀ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਇਜ਼ਰਾਈਲ-ਫਿਲਿਸਤਿਨ ਵਿਚਕਾਰ ਚਲ ਯੁੱਧ ਦੇ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਸਦਾ ਯੁੱਧ ਨਾਲ ਕੋਈ ਸਬੰਧ ਨਹੀਂ ਹੈ।