ਫਰਜ਼ੀ ਖਬਰਾਂ ਤੋਂ ਬਚੋ: ਮਗਰਮੱਛ ਦੇਖੇ ਜਾਣ ਦਾ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਦਾ ਨਹੀਂ ਹੈ
ਇਹ ਵੀਡੀਓ ਹਰਿਆਣਾ ਦੇ ਅੰਬਾਲਾ ਦਾ ਨਹੀਂ ਹੈ ਅਤੇ ਨਾ ਹੀ ਏਦਾਂ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਹੈ।
RSFC (Team Mohali)- ਹਾਲੀਆ ਆਏ ਮਾਨਸੂਨ ਨੇ ਦਸਤਕ ਦਿੰਦੇ ਸਾਰ ਉੱਤਰ ਭਾਰਤ ਨੂੰ ਆਪਣੀ ਚਪੇਟ 'ਚ ਲੈ ਲਿਆ 'ਤੇ ਲਗਭਗ ਹਰ ਥਾਂ ਹੜ੍ਹ ਦੇ ਸਥਿਤੀ ਪੈਦਾ ਕਰ ਦਿੱਤੀ। ਇਸ ਹੜ੍ਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਫਰਜ਼ੀ ਦਾਅਵੇ ਅਤੇ ਵੀਡੀਓਜ਼ ਵਾਇਰਲ ਹੁੰਦੇ ਵੇਖੇ ਗਏ। ਹੁਣ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ 'ਚ ਤੈਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ ਦਾ ਹੈ ਜਿੱਥੇ ਇੱਕ ਮਗਰਮੱਛ ਨੂੰ ਦੇਖਿਆ ਗਿਆ।
ਮੀਡਿਆ ਅਦਾਰਾ 'ਸਾਂਝੀ ਸੋਚ ਟੀਵੀ' ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,'ਹੜ ਦੇ ਪਾਣੀ ਨਾਲ ਰੁੜ ਕੇ ਆਇਆ ਮਗਰਮੱਛ, ਅੰਬਾਲਾ ਦੀਆਂ ਗਲੀਆਂ ਦੀ ਕਰ ਰਿਹਾ ਸੈਰ।'
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਦਾ ਨਹੀਂ ਹੈ ਅਤੇ ਨਾ ਹੀ ਏਦਾਂ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸਦੇ ਕੀਫਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਹਾਲ ਦਾ ਨਹੀਂ ਹੈ
ਸਾਨੂੰ ਆਪਣੀ ਸਰਚ ਦੌਰਾਨ ਰਿਪਬਲਿਕ ਵਰਲਡ ਦੁਆਰਾ 14 ਅਗਸਤ 2022 ਨੂੰ ਪੀਟੀਆਈ ਦੇ ਹਵਾਲੇ ਤੋਂ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਮੁਤਾਬਕ, "ਐਤਵਾਰ ਨੂੰ ਭਾਰੀ ਬਾਰਿਸ਼ ਦੇ ਦੌਰਾਨ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿਚ ਇੱਕ ਮਗਰਮੱਛ ਰਿਹਾਇਸ਼ੀ ਕਾਲੋਨੀ ਵਿਚ ਘੁੰਮਦਾ ਦਿਖਾਈ ਦਿੱਤਾ ਅਤੇ ਇੱਕ ਘੰਟੇ ਤੱਕ ਚਲੇ ਆਪ੍ਰੇਸ਼ਨ ਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ।"
ਸਾਨੂੰ ਮਾਮਲੇ ਨੂੰ ਲੈ ਕੇ ਇੰਡੀਆ ਟੂਡੇ ਦਾ 17 ਅਗਸਤ 2022 ਨੂੰ ਪ੍ਰਕਾਸ਼ਿਤ ਇੱਕ ਟਵੀਟ ਮਿਲਿਆ। ਟਵੀਟ ਵਿਚ ਵੀਡੀਓ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਦੇ ਦੌਰਾਨ ਇੱਕ ਅੱਠ ਫੁੱਟ ਲੰਬਾ ਮਗਰਮੱਛ ਦੇਖਿਆ ਗਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਦਾ ਨਹੀਂ ਹੈ ਅਤੇ ਨਾ ਹੀ ਏਦਾਂ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਹੈ।