Fact Check: ਔਰਤਾਂ 'ਤੇ ਡਾਂਗ ਮਾਰਨ ਦਾ ਇਹ ਵੀਡੀਓ ਨੂੰਹ ਹਿੰਸਾ ਨਾਲ ਸਬੰਧਿਤ ਨਹੀਂ ਹੈ
ਵਾਇਰਲ ਇਹ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਜਿਸ ਨੂੰ ਹੁਣ ਨੂਹ ਹਿੰਸਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਪੁਲਿਸ ਵੱਲੋਂ ਦੋ ਔਰਤਾਂ 'ਤੇ ਡਾਂਗ ਮਾਰਨ ਅਤੇ ਉਨ੍ਹਾਂ ਨੂੰ ਪੁਲਿਸ ਦੀ ਜਿਪਸੀ 'ਚ ਬਿਠਾਉਣ ਦਾ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਨੂਹ ਹਿੰਸਾ ਨਾਲ ਸਬੰਧਤ ਹੈ। ਇਸ ਵੀਡੀਓ ਨੂੰ ਵਾਇਰਲ ਕਰ ਕੇ ਕੁਝ ਯੂਜ਼ਰ ਇਨ੍ਹਾਂ ਔਰਤਾਂ ਨੂੰ ਪੱਥਰਬਾਜ਼ ਦੱਸ ਰਹੇ ਹਨ ਅਤੇ ਕੁਝ ਯੂਜ਼ਰ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਪੁਲਸ 'ਤੇ ਸਵਾਲ ਵੀ ਚੁੱਕ ਰਹੇ ਹਨ।
ਫੇਸਬੁੱਕ ਯੂਜ਼ਰ ਦੀਪ ਪ੍ਰਕਾਸ਼ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਇਨ੍ਹਾਂ ਔਰਤਾਂ ਨੂੰ ਪੱਥਰਬਾਜ਼ ਦੱਸਿਆ।
ਇਸੇ ਤਰ੍ਹਾਂ ਟਵਿੱਟਰ ਯੂਜ਼ਰ ਸ਼੍ਰੀਕਾਂਤ ਤਿਆਗੀ ਨੇ ਇਸ ਵੀਡੀਓ ਨੂੰ ਸਾਂਝਾ ਕਰ ਪੁਲਸ 'ਤੇ ਸਵਾਲ ਖੜ੍ਹੇ ਕੀਤੇ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਇਹ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਜਿਸ ਨੂੰ ਹੁਣ ਨੂਹ ਹਿੰਸਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਪੁਲਿਸ ਵਾਲੇ ਮਾਸਕ ਪਾਏ ਹੋਏ ਹਨ। ਇੱਥੋਂ ਇਹ ਸ਼ੱਕ ਹੁੰਦਾ ਹੈ ਕਿ ਮਾਮਲਾ ਪੁਰਾਣਾ ਹੋ ਸਕਦਾ ਹੈ। ਅਸੀਂ ਫਿਰ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਇਹ ਵੀਡੀਓ 2020 ਦਾ ਹੈ
ਸਾਨੂੰ ਇਸ ਮਾਮਲੇ ਬਾਰੇ ਮੁਹੰਮਦ ਖਾਲਿਦ ਨਾਮ ਦੇ ਇੱਕ ਟਵਿੱਟਰ ਯੂਜ਼ਰ ਦਾ ਟਵੀਟ ਮਿਲਿਆ। ਇਹ ਟਵੀਟ 24 ਅਪ੍ਰੈਲ 2020 ਨੂੰ ਪੋਸਟ ਕੀਤਾ ਗਿਆ ਸੀ ਅਤੇ ਇਸਦੇ ਵਿਚ ਵਾਇਰਲ ਵੀਡੀਓ ਸਾਂਝਾ ਕੀਤਾ ਗਿਆ ਸੀ। ਟਵੀਟ ਕਰਦਿਆਂ ਯੂਜ਼ਰ ਨੇ ਮਾਮਲੇ ਨੂੰ ਹਰਿਆਣਾ ਦੇ ਪਲਵਲ ਜਿਲ੍ਹਾ ਅਧੀਨ ਪੈਂਦੇ ਪਿੰਡ ਉਟਾਵੜ ਦਾ ਦੱਸਿਆ ਅਤੇ ਪੁਲਿਸ ਵਾਲਿਆਂ 'ਤੇ ਕਾਰਵਾਈ ਕਰਨ ਲਈ ਕਿਹਾ।
ਹੁਣ ਕੀ ਹੈ ਅਸਲ ਮਸਲਾ?
ਜਦੋਂ ਅਸੀਂ ਇਸ ਮਾਮਲੇ ਬਾਰੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਕਈ ਰਿਪੋਰਟਾਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਊ ਹੱਤਿਆ ਨਾਲ ਸਬੰਧਤ ਦੱਸਿਆ ਗਿਆ। ਅੱਗੇ ਵਧਦੇ ਹੋਏ ਅਸੀਂ ਉਟਾਵੜ ਥਾਣੇ 'ਚ ਸੰਪਰਕ ਕੀਤਾ। ਉਤਾਵੜ ਥਾਣੇ ਦੇ ਐਸਆਈ ਟੇਕ ਸਿੰਘ ਰਾਹੀਂ, ਅਸੀਂ ਪਲਵਲ ਜ਼ਿਲ੍ਹਾ ਪੁਲਿਸ ਦੇ ਪੀਆਰਓ ਸੰਜੇ ਨਾਲ ਗੱਲ ਕੀਤੀ। ਵਾਇਰਲ ਦਾਅਵੇ ਨੂੰ ਖਾਰਿਜ ਕਰਦੇ ਹੋਏ ਸੰਜੇ ਨੇ ਕਿਹਾ ਕਿ ਇਹ ਮਾਮਲਾ ਤਾਜ਼ਾ ਨਹੀਂ ਬਲਕਿ 2020 ਦੇ ਕੋਰੋਨਾ ਦੌਰ ਦਾ ਹੈ ਅਤੇ ਇਸ ਦਾ ਨੂਹ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਇਹ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਜਿਸ ਨੂੰ ਹੁਣ ਨੂਹ ਹਿੰਸਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।