ਭਾਈਚਾਰੇ ਵਿਚਕਾਰ ਨਫਰਤ ਫੈਲਾਉਣ ਦੀ ਕੋਸ਼ਿਸ਼: ਧਾਰਮਿਕ ਰੈਲੀ ਦੌਰਾਨ ਝੰਡਾ ਖੋਹਣ ਦੇ ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਵਿਅਕਤੀ ਨੂੰ ਰੈਲੀ ਦੌਰਾਨ ਧਾਰਮਿਕ ਝੰਡਾ ਫੜੇ ਇਕ ਲੜਕੇ ਤੋਂ ਝੰਡਾ ਖੋਹਂਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਰਿਆਣਾ ਦੇ ਪਾਣੀਪਤ ਦੇ ਪਿੰਡ ਸਨੌਲੀ ਦਾ ਹੈ, ਜਿੱਥੇ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿਅਕਤੀ ਵੱਲੋਂ ਇੱਕ ਧਾਰਮਿਕ ਰੈਲੀ ਦੌਰਾਨ ਇੱਕ ਹਿੰਦੂ ਵਿਅਕਤੀ ਤੋਂ ਧਾਰਮਿਕ ਝੰਡਾ ਖੋਹ ਲਿਆ ਗਿਆ। ਇਸ ਵੀਡੀਓ ਨੂੰ ਵਾਇਰਲ ਕਰਕੇ ਫਿਰਕੂ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
X ਅਕਾਊਂਟ "बैरिस्टर चढ्ढा (घटस्फोट विशेषज्ञ )...???????? (Parody)" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸਨੌਲੀ ਦੇ ਪਾਨੀਪਤ ਹਰਿਆਣਾ ਵਿਖੇ ਸ਼ਾਂਤੀਪੂਰਣ ਯਾਤਰਾ ਗੁਜ਼ਰ ਰਹੀ ਤੇ ਅਚਾਨਕ ਵਿਸ਼ੇਸ਼ ਸਮੁਦਾਏ ਨੇ ਹਨੂਮਾਨ ਜੀ ਦਾ ਝੰਡਾ ਲੈ ਕੇ ਜਾ ਰਹੇ ਹਿੰਦੂ ਭਰਾਵਾਂ 'ਤੇ ਹਮਲਾ ਕਰ ਦਿੱਤਾ ਤੇ ਝੰਡੇ ਨੂੰ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ। ਸੋਚੋ ਜੇਕਰ ਇਹ 50 % ਹੋਏ ਦੇਸ਼ ਵਿਚ ਤਾਂ ਕੀ ਹੋਵੇਗਾ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਕੀਵਰਡ ਸਰਚ ਦੁਆਰਾ ਮਾਮਲੇ ਸਬੰਧੀ ਖਬਰਾਂ ਦੀ ਖੋਜ ਸ਼ੁਰੂ ਕੀਤੀ।
"ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ"
ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖ਼ਬਰਾਂ ਮਿਲੀਆਂ। ਰਿਪੋਰਟਾਂ ਮੁਤਾਬਕ ਧਾਰਮਿਕ ਝੰਡਾ ਖੋਹਣ ਵਾਲਾ ਵਿਅਕਤੀ ਇਸ ਪਿੰਡ ਦਾ ਹੀ ਸਰਪੰਚ ਸੀ। ਹਿੰਦੀ ਮੀਡੀਆ ਦੇ ਇੱਕ ਪ੍ਰਮੁੱਖ ਅਦਾਰੇ ਅਮਰ ਉਜਾਲਾ ਨੇ ਇਸ ਮਾਮਲੇ ਸਬੰਧੀ ਖ਼ਬਰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਵਿੱਚ ਲਿਖਿਆ, "ਝੰਡਾ ਵਿਵਾਦ: ਸਰਪੰਚ ਅਤੇ ਦੂਜੀ ਧਿਰ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ"
ਖਬਰ ਅਨੁਸਾਰ "ਪਿੰਡ ਸਨੌਲੀ ਖੁਰਦ ਵਿਚ ਜਨਮਅਸ਼ਟਮੀ ਮੌਕੇ ਪਿੰਡ ਵਾਸੀਆਂ ਵੱਲੋਂ ਝਾਂਕੀ ਕੱਢੀ ਜਾ ਰਹੀ ਸੀ। ਪਿੰਡ ਵਿਚ ਇੱਕ ਵਿਸ਼ੇਸ਼ ਭਾਈਚਾਰੇ ਦੇ ਮਦਰੱਸੇ ਕੋਲ ਗਲੀ ਵਿਚ ਬਜਰੰਗ ਦਲ ਦੇ ਕੁਝ ਨੌਜਵਾਨ ਜੈ ਸ਼੍ਰੀ ਰਾਮ ਦੇ ਝੰਡੇ ਲੈ ਕੇ ਆਏ। ਪਿੰਡ ਦੇ ਸਰਪੰਚ ਸੰਜੇ ਤਿਆਗੀ ਨੇ ਜਦੋਂ ਬਜਰੰਗ ਦਲ ਦੇ ਨੌਜਵਾਨ ਦੇ ਹੱਥੋਂ ਝੰਡਾ ਖੋਹ ਲਿਆ ਤਾਂ ਝਗੜਾ ਹੋ ਗਿਆ ਅਤੇ ਝਗੜਾ ਵੱਧ ਗਿਆ। ਇਸ ਮਾਮਲੇ ਨੂੰ ਲੈ ਕੇ ਬਜਰੰਗ ਦਲ ਦੇ ਮੈਂਬਰਾਂ ਨੇ ਸਰਪੰਚ 'ਤੇ ਝੰਡਾ ਖੋਹਣ ਦਾ ਦੋਸ਼ ਲਾਇਆ। ਇਸ ਸਬੰਧੀ ਐਤਵਾਰ ਨੂੰ ਪਿੰਡ ਸਨੌਲੀ ਖੁਰਦ ਵਿਚ ਬਜਰੰਗ ਦਲ ਅਤੇ ਪਿੰਡ ਵਾਸੀਆਂ ਦੀ ਮੀਟਿੰਗ ਹੋਈ। ਪਹਿਲੇ ਸ਼ਿਕਾਇਤਕਰਤਾ ਨੇ ਜਦੋਂ ਸ਼ਿਕਾਇਤ ਵਾਪਸ ਲਈ ਤਾਂ ਪਿੰਡ ਵਾਸੀਆਂ ਨੇ ਅੱਗੇ ਆ ਕੇ ਦੂਜੀ ਸ਼ਿਕਾਇਤ ਦਿੱਤੀ।ਬਜਰੰਗ ਦਲ ਦੇ ਕਈ ਮੈਂਬਰਾਂ ਨੇ ਥਾਣਾ ਸਨੌਲੀ ਖੁਰਦ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਸਰਪੰਚ 'ਤੇ ਝੰਡਾ ਖੋਹਣ ਦਾ ਦੋਸ਼ ਲਾਇਆ। ਇੱਥੇ ਸਰਪੰਚ ਸੰਜੇ ਤਿਆਗੀ ਨੇ ਐਤਵਾਰ ਦੇਰ ਸ਼ਾਮ ਕਰੀਬ 9 ਵਜੇ ਥਾਣਾ ਸਨੌਲੀ ਖੁਰਦ ਵਿਖੇ ਗ੍ਰਾਮ ਪੰਚਾਇਤ ਵੱਲੋਂ ਸ਼ਿਕਾਇਤ ਦਰਜ ਕਰਵਾਈ।"
ਇਸ ਸਬੰਧੀ ਅਸੀਂ ਥਾਣਾ ਸਨੌਲੀ ਸੰਪਰਕ ਕੀਤਾ। ਸਾਡੇ ਨਾਲ ਸਨੌਲੀ ਥਾਣੇ ਦੇ ਇੰਸਪੈਕਟਰ ਸੁਨੀਲ ਕੁਮਾਰ ਨੇ ਗੱਲਬਾਤ ਕੀਤੀ। ਸੁਨੀਲ ਕੁਮਾਰ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇਸ ਮਾਮਲੇ ਵਿੱਚ ਕੋਈ ਫਿਰਕੂ ਕੋਣ ਨਹੀਂ ਸੀ, ਜਨਮਅਸ਼ਟਮੀ ਰੈਲੀ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਮਦਰਸੇ ਦੇ ਸਾਹਮਣੇ ਧਾਰਮਿਕ ਝੰਡਾ ਲਹਿਰਾਇਆ ਅਤੇ ਬੇਅਦਬੀ ਦੀਆਂ ਹਰਕਤਾਂ ਕੀਤੀਆਂ ਅਤੇ ਇਸ ਤੋਂ ਬਾਅਦ ਸਰਪੰਚ ਨੇ ਉਸ ਝੰਡੇ ਨੂੰ ਖੋਹ ਲਿਆ। ਬਾਅਦ 'ਚ ਇਸ ਮਾਮਲੇ 'ਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਸੀ।"
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ। ਬਾਅਦ ਵਿੱਚ ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ।