ਨਹੀਂ ਤੋੜੀ ਜਾ ਰਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਸਰਾਸਰ ਫਰਜ਼ੀ ਹੈ।

Fact Check Fake News viral regarding chote sahibzades martyrdom spot

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸਦੇ ਮੁਤਾਬਕ ਕਾਰ ਸੇਵਾ ਕਰਨ ਵਾਲੇ ਕੁਝ ਬਾਬੇ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਅਸਥਾਨ ਸਹੀਦੀ ਕੰਧ ਤੋੜਨ ਜਾ ਰਹੇ ਹਨ। ਦਾਅਵਾ ਇਹ ਤਕ ਕੀਤਾ ਜਾ ਰਿਹਾ ਹੈ ਕਿ ਛੋਟੇ ਸਾਹਿਬਜਾਦਿਆਂ ਵਾਲੀ ਕੰਧ ਵਾਲੀ ਜਗ੍ਹਾ ਖਾਲੀ ਵੀ ਕਰਵਾ ਲਈ ਗਈ ਹੈ। 

ਫੇਸਬੁੱਕ ਪੇਜ 'ਸਚੀਆਂ ਮੈਂ ਸੱਚ ਸੁਣਾਵਾਂ' ਨੇ ਵਾਇਰਲ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,'ਸਿੱਖੋ ਚਿੱਟੀ ਸਿਉਂਕ ਕੋਲ਼ੋਂ ਜੇ ਇਤਿਹਾਸਿਕ ਯਾਦਗਾਰਾਂ ਬਚਾਉਣੀਆਂ ਨੇ ਤਾਂ ਕੁਝ ਕਰਨਾ ਪੈਣਾ ਖਬਰ ਬਹੁਤ ਬੁਰੀ ਆ ਰਹੀ ਆ ਆਉ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਸ਼ਹੀਦੀ ਕੰਧ ਬਚਾਈ ਜਾ ਸਕੇ'

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਸਰਾਸਰ ਫਰਜ਼ੀ ਹੈ। ਇਸ ਦਾਅਵੇ ਦਾ SGPC ਵੱਲੋਂ ਆਪ ਖੰਡਨ ਕੀਤਾ ਗਿਆ ਹੈ।

ਸਪੋਕਸਮੈਨ ਦੀ ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਸਬੰਧੀ ਕੀਵਰਡ ਸਰਚ ਕੀਤਾ।

"ਵਾਇਰਲ ਦਾਅਵਾ SPGC ਨੇ ਨਕਾਰਿਆ"

ਸਾਨੂੰ ਇਸ ਮਾਮਲੇ ਨੂੰ ਲੈ ਕੇ X ਪਲੇਟਫਾਰਮ 'ਤੇ SGPC ਵੱਲੋਂ ਦਾਅਵੇ ਦਾ ਖੰਡਨ ਕਰਦਾ ਟਵੀਟ ਮਿਲਿਆ। SGPC ਨੇ 17 ਅਕਤੂਬਰ 2023 ਨੂੰ ਇਸ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ, "ਸੰਗਤ ਜੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਇਸ ਪੋਸਟ ਵਿੱਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਕੰਧ ਸਬੰਧੀ ਜਾਣਕਾਰੀ ਝੂਠੀ ਹੈ। ਅਜਿਹੀਆਂ ਪੋਸਟਾਂ ਅਕਸਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ। ਇਸ ਪੋਸਟ ਵਿੱਚ ਲਗਾਈ ਤਸਵੀਰ ਪੁਰਾਣੀ ਹੈ, ਜੋ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਨਹੀਂ ਹੈ। ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਉਸੇ ਤਰ੍ਹਾਂ ਸੁਰੱਖਿਅਤ ਹੈ ਤੇ ਰਹਿੰਦੇ ਸਮੇਂ ਤੱਕ ਰਹੇਗੀ।"

 

 

ਇਸੇ ਸਰਚ ਦੌਰਾਨ ਸਾਨੂੰ SGPC ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਇਸ ਮਾਮਲੇ ਸਬੰਧੀ ਸਪਸ਼ਟੀਕਰਨ ਵੀਡੀਓ ਵੀ ਮਿਲਿਆ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਹੁਣ ਅਸੀਂ ਅਖੀਰਲੀ ਪੁਸ਼ਟੀ ਲਈ ਸਾਡੇ ਅੰਮ੍ਰਿਤਸਰ ਤੋਂ ਇੰਚਾਰਜ ਪੱਤਰਕਾਰ ਸਰਵਣ ਨਾਲ ਗੱਲ ਕੀਤੀ। ਸਰਵਣ ਨੇ ਗੱਲ ਕਰਦਿਆਂ ਸਾਡੇ ਨਾਲ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਸਾਫ ਕੀਤਾ ਕਿ SGPC ਵੱਲੋਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਜਾ ਚੁੱਕਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਸਰਾਸਰ ਫਰਜ਼ੀ ਹੈ। ਇਸ ਦਾਅਵੇ ਦਾ SGPC ਵੱਲੋਂ ਆਪ ਖੰਡਨ ਕੀਤਾ ਗਿਆ ਹੈ।