17 ਭਾਰਤੀਆਂ ਨੂੰ ਹਮਾਸ ਨੇ ਕੀਤਾ ਅਗਵਾ? Fact Check ਰਿਪੋਰਟ
ਇਹ ਸੂਚੀ ਉਨ੍ਹਾਂ ਨੇਪਾਲੀ ਨਾਗਰਿਕਾਂ ਦੀ ਹੈ ਜੋ ਹਾਲੀਆ ਚੱਲ ਰਹੇ ਫਲਸਤੀਨ-ਇਜ਼ਰਾਈਲ ਸੰਘਰਸ਼ ਵਿਚ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਹਨ।
RSFC (Team Mohali)- ਲੋਕਾਂ ਦੇ ਨਾਂਅ ਦੇ ਇੱਕ ਸੂਚੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ "ਇਸਰਾਈਲ ਵਿਚ ਸ਼ਨੀਵਾਰ ਨੂੰ 17 ਭਾਰਤੀਆਂ ਨੂੰ ਹਮਾਸ ਦੁਆਰਾ ਅਗਵਾ ਕਰ ਲਿਆ ਗਿਆ ਹੈ। ਇਹਨਾਂ ਵਿੱਚੋਂ 10 ਨੂੰ ਮਾਰ ਦਿੱਤਾ ਗਿਆ ਹੈ।"
ਐਕਸ ਅਕਾਉਂਟ "ਸੁਸ਼ੀਲ ਦਿਵੇਦੀ" ਨੇ ਸੂਚੀ ਸਾਂਝੀ ਕੀਤੀ ਅਤੇ ਲਿਖਿਆ, "ਸੂਤਰਾਂ ਅਨੁਸਾਰ ਇਜ਼ਰਾਈਲ ਵਿਚ ਸ਼ਨੀਵਾਰ ਨੂੰ ਹਮਾਸ ਦੁਆਰਾ 17 ਭਾਰਤੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਇਹਨਾਂ ਵਿੱਚੋਂ 10 ਨੂੰ ਮਾਰ ਦਿੱਤਾ ਗਿਆ ਹੈ ਜਾਂ ਫਾਂਸੀ ਦੇ ਦਿੱਤੀ ਗਈ ਹੈ। I.N.D.I.A. ਗਠਜੋੜ ਦੇ ਕਿਸੇ ਵਿਚ ਵੀ ਇਹਨਾਂ ਅਗਵਾ ਭਾਰਤੀਆਂ ਬਾਰੇ ਬਿਆਨ ਦੇਣ ਦੀ ਹਿੰਮਤ ਨਹੀਂ ਹੈ। ਉਹ ਏਐਮਯੂ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਹਨ ਜੋ ਇੱਕ ਮਾਰਚ ਨਾਲ ਹਮਾਸ ਦੇ ਸਮਰਥਨ 'ਚ ਸਾਹਮਣੇ ਆਏ ਸਨ।"
ਸਪੋਕਸਮੈਨ ਨੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਪੜ੍ਹੋ Fact Check ਰਿਪੋਰਟ:
ਆਪਣੀ ਜਾਂਚ ਸ਼ੁਰੂ ਕਰਦਿਆਂ ਅਸੀਂ ਤਸਵੀਰ 'ਤੇ ਗੂਗਲ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ ਭਾਰਤੀ ਪੱਤਰਕਾਰ ਆਦਿਤਿਆ ਰਾਜ ਕੌਲ ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਇਹ ਸੂਚੀ ਸਾਂਝੀ ਸੀ ਤੇ ਜਾਣਕਾਰੀ ਦਿੱਤੀ ਗਈ, "#BREAKING: ਨੇਪਾਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹਮਾਸ ਇਸਲਾਮਿਕ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ ਵਿਚ ਕੱਲ੍ਹ ਹੋਏ ਅੱਤਵਾਦੀ ਹਮਲਿਆਂ ਵਿਚ 10 ਨੇਪਾਲੀ ਹਿੰਦੂ ਨਾਗਰਿਕਾਂ ਨੂੰ ਮਾਰ ਦਿੱਤਾ ਹੈ ਅਤੇ ਚਾਰ ਹੋਰ ਨੇਪਾਲੀ ਨਾਗਰਿਕ ਜ਼ਖਮੀ ਹੋਏ ਹਨ। ਇੱਕ ਨੇਪਾਲੀ ਨਾਗਰਿਕ ਅਜੇ ਵੀ ਲਾਪਤਾ ਹੈ।
ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਗੂਗਲ 'ਤੇ ਖਬਰਾਂ ਦੀ ਖੋਜ ਕੀਤੀ ਅਤੇ ਮਾਮਲੇ ਸਬੰਧੀ ਸਾਨੂੰ ਕਈ ਖਬਰਾਂ ਮਿਲੀਆਂ।
ਪ੍ਰਸਿੱਧ ਮੀਡੀਆ ਅਦਾਰੇ 'ਦਿ ਹਿੰਦੂ' ਨੇ ਮਾਮਲੇ ਨੂੰ ਕਵਰ ਕੀਤਾ ਅਤੇ ਲਿਖਿਆ, "ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ 9 ਅਕਤੂਬਰ ਨੂੰ ਕਿਹਾ ਕਿ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੁਆਰਾ ਦੇਸ਼ ਦੇ ਦੱਖਣੀ ਖੇਤਰ ਵਿੱਚ ਰਾਕੇਟ ਹਮਲਿਆਂ ਦੀ ਲਹਿਰ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲ ਵਿਚ 10 ਨੇਪਾਲੀ ਵਿਦਿਆਰਥੀ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ।"
ਮਾਮਲੇ 'ਤੇ ਰਾਇਟਰਜ਼ ਨੇ ਲਿਖਿਆ, "ਨੇਪਾਲ ਨੇ ਸੋਮਵਾਰ ਨੂੰ ਕਿਹਾ ਕਿ ਫਲਸਤੀਨੀ ਸਮੂਹ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵਿਚ ਉਸਦੇ ਘੱਟੋ-ਘੱਟ 10 ਨਾਗਰਿਕ ਮਾਰੇ ਗਏ ਸਨ, ਅਤੇ ਉੱਥੇ ਕੰਮ ਕਰ ਰਹੇ ਅਤੇ ਪੜ੍ਹ ਰਹੇ ਹਜ਼ਾਰਾਂ ਹੋਰਾਂ ਨੂੰ ਕਿਵੇਂ ਕੱਢਣਾ ਹੈ, ਇਸ ਬਾਰੇ ਚਰਚਾ ਕਰਨ ਲਈ ਕੈਬਨਿਟ ਇੱਕ ਐਮਰਜੈਂਸੀ ਮੀਟਿੰਗ ਕਰੇਗੀ। "
17 ਅਕਤੂਬਰ 2023 ਨੂੰ ਤਾਜ਼ਾ ਅਪਡੇਟ ਦਿੰਦੇ ਹੋਏ, ਆਲ ਇੰਡੀਆ ਰੇਡੀਓ ਨਿਊਜ਼ ਨੇ ਲਿਖਿਆ, "ਇਜ਼ਰਾਈਲ ਨੇ ਹਮਾਸ-ਇਜ਼ਰਾਈਲ ਯੁੱਧ ਵਿਚ ਮਾਰੇ ਗਏ 10 ਨੇਪਾਲੀ ਵਿਦਿਆਰਥੀਆਂ ਵਿੱਚੋਂ ਪੰਜ ਲਾਸ਼ਾਂ ਤੇਲ ਅਵੀਵ ਵਿਚ ਨੇਪਾਲੀ ਦੂਤਾਵਾਸ ਨੂੰ ਸੌਂਪ ਦਿੱਤੀਆਂ ਹਨ। ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਇਸ ਦੀ ਜਾਣਕਾਰੀ ਇਜ਼ਰਾਈਲ ਸਥਿਤ ਨੇਪਾਲ ਦੇ ਦੂਤਾਵਾਸ ਨੇ ਆਪਣੀ ਸਰਕਾਰ ਨੂੰ ਦਿੱਤੀ ਹੈ। ਨੇਪਾਲ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਨ ਪੀ ਸੌਦ ਨੇ ਇਸ ਸਬੰਧ ਵਿਚ ਆਪਣੇ ਇਜ਼ਰਾਈਲੀ ਹਮਰੁਤਬਾ ਨਾਲ ਗੱਲ ਕੀਤੀ ਹੈ। ਨੇਪਾਲ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਇਜ਼ਰਾਈਲ, ਲੇਬਨਾਨ ਅਤੇ ਤੁਰਕੀ ਦੇ ਹਵਾਈ ਅੱਡਿਆਂ ਦੀ ਵਰਤੋਂ ਕਰ ਰਿਹਾ ਹੈ।"
ਮਤਲਬ ਸਾਫ ਸੀ ਕਿ ਇਹ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਸੂਚੀ ਉਨ੍ਹਾਂ ਨੇਪਾਲੀ ਨਾਗਰਿਕਾਂ ਦੀ ਹੈ ਜੋ ਹਾਲੀਆ ਚੱਲ ਰਹੇ ਫਲਸਤੀਨ-ਇਜ਼ਰਾਈਲ ਸੰਘਰਸ਼ ਵਿਚ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਹਨ।