ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਫਰਜ਼ੀ ਦਾਅਵਾ, Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਜਿਸ ਜਗ੍ਹਾ 'ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਓਸੇ ਜਗ੍ਹਾ 'ਤੇ ਹੀ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ।

Fact Check Fake Claim Viral regarding Ayodhya Ram Mandir Construction

RSFC (Team Mohali)- 22 ਜਨਵਰੀ 2024 ਨੂੰ ਅਯੋਧਿਆ ਵਿਖੇ ਹੋਣ ਜਾ ਰਹੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਵਿਚਕਾਰ ਸੋਸ਼ਲ ਮੀਡਿਆ 'ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਸੋਸ਼ਲ ਮੀਡਿਆ 'ਤੇ ਗੂਗਲ ਮੈਪ ਦੀ ਇੱਕ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਉਸ ਥਾਂ 'ਤੇ ਨਹੀਂ ਬਣਾਇਆ ਜਾ ਰਿਹਾ ਜਿੱਥੇ ਬਾਬਰੀ ਮਸਜਿਦ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਇਲਾਕੇ ਤੋਂ ਤਿੰਨ ਕਿਲੋਮੀਟਰ ਦੂਰ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਗੂਗਲ ਮੈਪ ਦੀ ਤਸਵੀਰ ਨਾਲ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਦਾ ਬਿਆਨ ਸਾਂਝਾ ਕੀਤਾ ਜਾ ਰਿਹਾ ਹੈ।

"ਦੱਸ ਦਈਏ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੈ ਰਾਉਤ ਨੇ ਸਭ ਤੋਂ ਪਹਿਲਾਂ ਵਿਵਾਦਤ ਦਾਅਵਾ ਕੀਤਾ ਸੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਉਸ ਥਾਂ ਤੋਂ ਤਿੰਨ ਕਿਲੋਮੀਟਰ ਦੂਰ ਬਣਾਇਆ ਜਾ ਰਿਹਾ ਹੈ ਜਿੱਥੇ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ। ਇਸ ਬਿਆਨ 'ਤੇ ਖੂਬ ਵਿਵਾਦ ਛਿੜ ਗਿਆ ਸੀ।"

ਫੇਸਬੁੱਕ ਯੂਜ਼ਰ ਤਰਨਜੋਤ ਸਿੰਘ ਸੰਧੂ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਰਾਮ ਮੰਦਿਰ ਅਸਲ ਜਗ੍ਹਾ ਤੋਂ 3 ਕਿਲੋਮੀਟਰ ਦੂਰ ਬਣਾਇਆ ਗਿਆ, ਹੁਣ ਸਵਾਲ ਇਹ ਆ ਕਿ ਜ਼ੇਕਰ ਅਸਲ ਜਗ੍ਹਾ ਤੋਂ ਦੂਰ ਬਣਾਉਣਾ ਸੀ ਮੰਦਿਰ ਤਾਂ ਕਿਉਂ ਦੰਗੇ ਕੀਤੇ ਗਏ ਅਤੇ ਬੇਕਸੂਰ ਲੋਕ ਮਾਰੇ ਗਏ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਜਿਸ ਜਗ੍ਹਾ 'ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਓਸੇ ਜਗ੍ਹਾ 'ਤੇ ਹੀ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ।

ਸਪੋਕਸਮੈਨ ਦੀ ਪੜਤਾਲ

ਅਸੀਂ ਵਾਇਰਲ ਪੋਸਟ ਨਾਲ ਸ਼ੇਅਰ ਕੀਤੇ ਗਏ ਗੂਗਲ ਮੈਪਸ ਦੇ ਸਕ੍ਰੀਨਸ਼ੌਟ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਨਕਸ਼ੇ 'ਤੇ, ਦੋ ਜਗ੍ਹਾ ਨੂੰ ਚਿੰਨ੍ਹਿਤ ਕੀਤਾ ਗਿਆ ਹੈ ਅਤੇ ਉਹਨਾਂ ਵਿਚਕਾਰ ਤਿੰਨ-ਕਿਲੋਮੀਟਰ ਦੀ ਦੂਰੀ ਦਿਖਾ ਰਹੀ ਹੈ। ਇਕ ਜਗ੍ਹਾ ਨੂੰ 'ਸ਼੍ਰੀ ਰਾਮ ਜਨਮ ਭੂਮੀ ਮੰਦਰ' ਵਜੋਂ ਲੇਬਲ ਕੀਤਾ ਗਿਆ ਸੀ ਜਦਕਿ ਦੂਸਰੀ ਥਾਂ ਦਾ ਨਾਂ ‘ਬਾਬਰ ਮਸਜਿਦ’ ਸੀ, ਨਾ ਕਿ ਬਾਬਰੀ।

ਅਸੀਂ ਗੂਗਲ ਮੈਪ 'ਤੇ ਦੋਵੇਂ ਸਥਾਨਾਂ ਨੂੰ ਦੇਖਿਆ। ਗੂਗਲ ਮੈਪ ਸੈਟੇਲਾਈਟ ਵਿਊ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਪਹਿਲਾ ਸਥਾਨ ਅਸਲ ਵਿਚ ਉਹ ਜਗ੍ਹਾ ਹੈ ਜਿੱਥੇ ਰਾਮ ਮੰਦਰ ਬਣਾਇਆ ਜਾ ਰਿਹਾ ਹੈ। 

ਅੱਗੇ ਅਸੀਂ 'ਬਾਬਰ ਮਸਜਿਦ' ਵਜੋਂ ਮਾਰਕ ਕੀਤੇ ਦੂਜੇ ਸਥਾਨ ਨੂੰ ਗੂਗਲ ਮੈਪ ਦੀ ਵਰਤੋਂ ਰਾਹੀਂ ਸਰਚ ਕੀਤਾ ਅਤੇ ਪਾਇਆ ਕਿ ਇਹ ਅਯੁੱਧਿਆ ਵਿਚ ਸੀਤਾ-ਰਾਮ ਬਿਰਲਾ ਮੰਦਰ ਦਾ ਸਥਾਨ ਸੀ। ਅਸੀਂ ਪਾਇਆ ਕਿ ਸੀਤਾ-ਰਾਮ ਬਿਰਲਾ ਮੰਦਿਰ ਦੀ ਗਲਤ ਨਿਸ਼ਾਨਦੇਹੀ ਕੀਤੀ ਗਈ ਸੀ, ਅਤੇ ਇਸ ਸਥਾਨ ਦੀ ਸਮੀਖਿਆ ਵਿਚ ਬਾਬਰੀ ਮਸਜਿਦ ਦੀ ਇੱਕ ਤਸਵੀਰ ਅਪਲੋਡ ਕੀਤੀ ਗਈ ਸੀ।

ਅਸੀਂ ਅਯੁੱਧਿਆ ਵਿਚ ਬਣ ਰਹੇ ਰਾਮ ਜਨਮ ਭੂਮੀ ਮੰਦਰ ਨੂੰ ਗੂਗਲ ਅਰਥ ਪ੍ਰੋ ਨਾਲ ਵੀ ਸਰਚ ਕੀਤਾ ਅਤੇ ਪਾਇਆ ਕਿ 2023 ਵਿਚ ਲਈ ਗਈ ਸੈਟੇਲਾਈਟ ਤਸਵੀਰ ਵਿਚ ਨਿਰਮਾਣ ਅਧੀਨ ਮੰਦਰ ਕੰਪਲੈਕਸ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਵਾਇਰਲ ਦਾਅਵੇ ਨੂੰ ਲੈ ਕੇ ਮੰਦਰ ਟ੍ਰਸਟ ਦੇ ਮੇਂਬਰਸ ਨੇ ਵੀ ਮੀਡੀਆ ਨੂੰ ਬਿਆਨ ਦੇ ਕੇ ਇਸਦਾ ਖੰਡਨ ਕੀਤਾ ਸੀ ਅਤੇ ਇਸਨੂੰ ਸ਼ਰਾਰਤੀ ਅਨਸਰਾਂ ਦਾ ਕੰਮ ਦੱਸਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਜਿਸ ਜਗ੍ਹਾ 'ਤੇ ਬਾਬਰੀ ਮਸਜਿਦ ਢਾਹੀ ਗਈ ਸੀ, ਓਸੇ ਜਗ੍ਹਾ 'ਤੇ ਹੀ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ।

Our Sources:

Google Earth View Result With News Reports Having Ram Janbhoomi Trust Member Clarification Quote