Fact Check: ਇਕ ਸਾਲ ਪੁਰਾਣੀ ਵੀਡੀਓ ਨੂੰ ਚੱਕਰਵਾਤ ਅਮਫਾਨ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ

ਏਜੰਸੀ

Fact Check

ਚੱਕਰਵਾਤੀ ਤੂਫਾਨ ਅਮਫਾਨ ਨਾਲ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਕਾਫੀ ਤਬਾਹੀ ਹੋਈ ਹੈ।

Photo

ਨਵੀਂ ਦਿੱਲੀ: ਚੱਕਰਵਾਤੀ ਤੂਫਾਨ ਅਮਫਾਨ ਨਾਲ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਕਾਫੀ ਤਬਾਹੀ ਹੋਈ ਹੈ। ਰਿਪੋਰਟਾਂ ਅਨੁਸਾਰ ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਚਲਦਿਆਂ ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅਮਫ਼ਾਨ ਤੂਫਾਨ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।

ਇਹਨਾਂ ਵਿਚੋਂ ਇਕ ਵੀਡੀਓ ਦਿਖਾਈ ਜਾ ਰਹੀ ਹੈ, ਜਿਸ ਵਿਚ ਤੇਜ਼ ਹਵਾਵਾਂ ਪਾਰਕਿੰਗ ਦੇ ਨੇੜੇ ਇਕ ਕਮਰੇ ਨੂੰ ਉਡਾ ਦਿੰਦੀ ਹੈ। ਇਹ ਵੀਡੀਓ ਫੇਸਬੁੱਕ, ਵ੍ਹਟਸਐਪ ਅਤੇ ਟਵਿਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੱਛਮੀ ਬੰਗਾਲ ਦੇ ਜ਼ਿਲ੍ਹੇ ਪੂਰਬੀ ਮਿਦਨਾਪੁਰ ਦੇ ਇਕ ਤੱਟਵਰਤੀ ਸ਼ਹਿਰ ਦੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦ੍ਰਿਸ਼ ਬੰਗਾਲ ਵਿਚ ਚੱਕਰਵਾਤੀ ਅਮਫਾਨ ਤੋਂ ਠੀਕ ਪਹਿਲਾਂ ਦਾ ਹੈ। ਜਦੋਂ ਨਿਊਜ਼ ਚੈਨਲ ਵੱਲੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਹ ਵੀਡੀਓ ਅਮਫ਼ਾਨ ਤੂਫਾਨ ਦੀ ਨਹੀਂ ਹੈ। ਇਹ ਵਾਇਰਲ ਵੀਡੀਓ ਫਾਨੀ ਤੂਫਾਨ ਦੀ ਹੈ ਜੋ ਕਿ ਪਿਛਲੇ ਸਾਲ ਓਡੀਸ਼ਾ ਵਿਚ ਆਇਆ ਸੀ ਤੇ ਇਸ ਤੂਫਾਨ ਨੇ ਤੱਟਵਰਤੀ ਇਲਾਕਿਆਂ ਵਿਚ ਕਾਫੀ ਤਬਾਹੀ ਮਚਾਈ ਸੀ। 

ਕਈ ਯੂਜ਼ਰ ਇਸ ਵੀਡੀਓ ਨੂੰ ਕੋਲਕਾਤਾ ਦੀ ਦੱਸ ਰਹੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਇਕ ਸਾਲ ਪੁਰਾਣੀ ਹੈ।
ਇਹ ਵੀਡੀਓ ਇੰਟਰਨੈੱਟ 'ਤੇ ਪਿਛਲੇ ਸਾਲ ਮਈ ਮਹੀਨੇ ਵਿਚ ਪੋਸਟ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀਡੀਓ ਮਈ 2019 ਨੂੰ ਯੂਟਿਊਬ 'ਤੇ ਵੀ ਅਪਲੋਡ ਕੀਤੀ ਗਈ ਹੈ।  ਦੱਸ ਦਈਏ ਕਿ ਪਿਛਲੇ ਸਾਲ ਓਡੀਸ਼ਾ ਵਿਚ ਫਾਨੀ ਤੂਫਾਨ ਨੇ ਕਾਫੀ ਕਹਿਰ ਮਚਾਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। 

ਫੈਕਟ ਚੈੱਕ

ਦਾਅਵਾ-ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੱਕਰਵਾਤੀ ਤੂਫਾਨ ਅਮਫਾਨ ਤੋਂ ਪਹਿਲਾਂ ਦੀ ਹੈ।
ਸੱਚਾਈ- ਵਾਇਰਲ ਵੀਡੀਓ ਇਕ ਸਾਲ ਪੁਰਾਣੀ ਹੈ ਤੇ ਇਹ ਵੀਡੀਓ ਪਿਛਲੇ ਸਾਲ ਓਡੀਸ਼ਾ ਵਿਚ ਆਏ ਤੂਫਾਨ ਫਾਨੀ ਨਾਲ ਸਬੰਧਤ ਹੈ।
ਸੱਚ/ਝੂਠ-ਝੂਠ