ਪੰਜਾਬ ਦੇ CM ਦੀ ਪੁਰਾਣੀ ਤਸਵੀਰ ਤੋਂ ਲੈ ਕੇ ਭਾਜਪਾ ਆਗੂ ਦੇ ਵਿਰੋਧ ਤੱਕ, ਪੜ੍ਹੋ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਪੰਜਾਬ ਦੇ CM ਦੀ ਪੁਰਾਣੀ ਤਸਵੀਰ ਤੋਂ ਲੈ ਕੇ ਭਾਜਪਾ ਆਗੂ ਦੇ ਵਿਰੋਧ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks

Read Our 3rd Series Of Top 5 Fact Checks Of The Week

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1 - Fact Check: ਨਿਹੰਗ ਸਿੰਘਾਂ ਦੀ ਖਬਰ ਬਣਾਉਣ ਵਾਲੇ ਪੱਤਰਕਾਰ ਦੀਆਂ ਤਸਵੀਰਾਂ? ਜਾਣੋ ਅਸਲ ਸੱਚ

3 ਅਕਤੂਬਰ 2021 ਨੂੰ ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਾਜਪਾ ਆਗੂਆਂ ਦੀ ਗੱਡੀਆਂ ਵੱਲੋਂ ਕੁਚਲਿਆ ਗਿਆ ਜਿਸਦੇ ਵਿਚ 4 ਕਿਸਾਨਾਂ ਸਣੇ ਇੱਕ ਪੱਤਰਕਾਰ ਅਤੇ 3 ਹੋਰ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਮਾਮਲੇ ਨੇ ਸਾਰੇ ਦੇਸ਼ ਨੂੰ ਝਕਝੋਰ ਕੇ ਰੱਖ ਦਿੱਤਾ ਅਤੇ ਹਰ ਪਾਸੇ ਇਸ ਘਟਨਾ ਦੀ ਨਿੰਦਾ ਵੇਖਣ ਨੂੰ ਮਿਲੀ। ਜਿਥੇ ਇਸ ਮਾਮਲੇ ਦੀ ਅੱਗ ਬੁਝੀ ਨਹੀਂ ਸੀ ਉਸਤੋਂ ਪਹਿਲਾਂ ਦਿੱਲੀ ਦੇ ਸਿੰਘੁ ਬਾਰਡਰ ਤੋਂ ਇੱਕ ਬੇਹਰਿਹਮ ਕਤਲ ਦਾ ਮਾਮਲਾ ਸਾਹਮਣੇ ਆਇਆ। ਨਿਹੰਗ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਏ ਦੋਸ਼ੀ ਦੀ ਹੱਤਿਆ ਕੀਤੀ ਗਈ ਅਤੇ ਉਸਦਾ ਹੱਥ ਕੱਟ ਕੇ ਸਟੇਜ ਦੇ ਨਾਲ ਲਟਕਾ ਕੇ ਵੀਡੀਓ ਵਾਇਰਲ ਕੀਤਾ ਗਿਆ।

ਇਸ ਮਾਮਲੇ ਤੋਂ ਬਾਅਦ ਬੀਤੇ ਦਿਨੀਂ ਇੱਕ ਖਬਰ The Tribune ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜਿਸਦੇ ਵਿਚ ਸਿੰਘੁ ਬਾਰਡਰ 'ਤੇ ਹੱਤਿਆ ਕਬੂਲ ਕਰਨ ਵਾਲੀ ਜੱਥੇਬੰਦੀ ਦੇ ਮੁਖੀ ਬਾਬਾ ਅਮਨ ਸਿੰਘ ਨੂੰ ਭਾਜਪਾ ਦੇ ਆਗੂਆਂ ਨਾਲ ਮੁਲਾਕਾਤ ਕਰਨ ਦੀ ਗੱਲ ਕੀਤੀ ਗਈ। ਇਸ ਖਬਰ ਵਿਚ ਬਾਬਾ ਅਮਨ ਸਿੰਘ ਦੀ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਨ ਦੀ ਤਸਵੀਰ ਵੇਖੀ ਜਾ ਸਕਦੀ ਸੀ। ਖਬਰ ਨਾਲ ਦਾਅਵਾ ਕੀਤਾ ਗਿਆ ਕਿ ਬਾਬਾ ਅਮਨ ਸਿੰਘ ਭਾਜਪਾ ਆਗੂਆਂ ਨਾਲ ਮੀਟਿੰਗ ਕਰਦੇ ਰਹਿੰਦੇ ਸਨ। ਖਬਰ ਵਿਚ ਇਸਤੇਮਾਲ ਕੀਤੀ ਤਸਵੀਰ ਦੇ ਵਾਇਰਲ ਹੁੰਦੇ ਹੀ ਹਜਾਰਾਂ ਲੋਕਾਂ ਨੇ ਸਿੰਘੁ ਕਤਲਕਾਂਡ ਨੂੰ ਭਾਜਪਾ ਦੀ ਸਾਜਸ਼ ਦੱਸਿਆ ਅਤੇ ਨਿਹੰਗ ਸਿੰਘਾਂ ਦੇ ਭਾਜਪਾ ਨਾਲ ਗੱਠਜੋੜ ਰੱਖਣ ਦੀ ਗੱਲ ਕੀਤੀ। The Tribune ਵੱਲੋਂ ਇਹ ਖਬਰ ਪੱਤਰਕਾਰ ਜੁਪਿੰਦਰਜੀਤ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਹੁਣ ਸੋਸ਼ਲ ਮੀਡੀਆ 'ਤੇ ਜੁਪਿੰਦਰਜੀਤ ਸਿੰਘ ਨਾਲ ਜੋੜਕੇ ਤਿੰਨ ਤਸਵੀਰਾਂ ਦਾ ਕੋਲਾਜ ਵਾਇਰਲ ਕੀਤਾ ਗਿਆ ਹੈ। ਇੱਕ ਤਸਵੀਰ ਵਿਚ ਇੱਕ ਵਿਅਕਤੀ ਨੂੰ RSS ਸੁਪਰੀਮੋ ਮੋਹਨ ਭਾਗਵਤ ਨਾਲ ਮਿਲਦੇ ਵੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਵਿਚ ਸਿੱਖ ਧਰਮ ਪ੍ਰਚਾਰਕ ਰਣਜੀਤ ਢੱਡਰੀਆਂ ਵਾਲੇ ਨਾਲ ਅਤੇ ਤੀਜੀ ਤਸਵੀਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਿਲਦੇ ਵੇਖਿਆ ਜਾ ਸਕਦਾ ਹੈ। 

ਦਾਅਵਾ ਕੀਤਾ ਗਿਆ ਕਿ ਇਹ ਤਸਵੀਰਾਂ ਓਸੇ ਪੱਤਰਕਾਰ ਦੀਆਂ ਹਨ ਜਿਸਨੇ ਸਭ ਤੋਂ ਪਹਿਲਾਂ ਨਿਹੰਗ ਬਾਬਾ ਅਮਨ ਸਿੰਘ ਦੀ ਭਾਜਪਾ ਲੀਡਰਾਂ ਨਾਲ ਮੁਲਾਕਾਤ ਦੀ ਤਸਵੀਰ ਨੂੰ ਖਬਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ RSS ਸੁਪਰੀਮੋ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕਰਦਾ ਦਿੱਸ ਰਿਹਾ ਵਿਅਕਤੀ ਪੱਤਰਕਾਰ ਜੁਪਿੰਦਰਜੀਤ ਸਿੰਘ ਨਹੀਂ ਹੈ। ਇਨ੍ਹਾਂ ਤਸਵੀਰਾਂ ਵਿਚ ਪੱਤਰਕਾਰ ਸੁੱਖੀ ਚਾਹਲ ਹੈ। ਹਾਂ, ਕੇਜਰੀਵਾਲ ਨਾਲ ਪੱਤਰਕਾਰ ਜੁਪਿੰਦਰਜੀਤ ਸਿੰਘ ਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਕੀਤਾ ਹੈ।

"ਜੁਪਿੰਦਰਜੀਤ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।"

ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

No. 2 - Fact Check: ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਦਾ ਟੀਚਾ ਹਾਸਲ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੈ

21 ਅਕਤੂਬਰ 2021 ਨੂੰ ਭਾਰਤ ਦੇਸ਼ ਨੇ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਦਾ ਟੀਚਾ ਹਾਸਲ ਕੀਤਾ। ਇਸ ਗੱਲ ਨੂੰ ਲੈ ਕੇ ਭਾਰਤ ਦੇਸ਼ ਦੀ ਪ੍ਰਸ਼ੰਸਾ ਹਰ ਤਰਫ਼ੋਂ ਕੀਤੀ ਗਈ। PM ਨਰੇਂਦਰ ਮੋਦੀ ਨੇ ਵੀ ਇਸ ਟੀਚੇ ਨੂੰ ਲੈ ਕੇ ਦੇਸ਼ ਦੇ ਡਾਕਟਰਾਂ ਅਤੇ ਹੈਲਥ ਵਰਕਰਾਂ ਦਾ ਧਨਵਾਦ ਕੀਤਾ। ਇਸ ਟੀਚੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋਇਆ। ਦਾਅਵੇ ਅਨੁਸਾਰ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਹੈ। ਇਸ ਦਾਅਵੇ ਨੂੰ ਵਾਇਰਲ ਕਰਦੇ ਹੋਏ ਭਾਜਪਾ ਸਰਕਾਰ ਦੀ ਤਰੀਫ ਕੀਤੀ ਗਈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਭਾਰਤ ਤੋਂ ਪਹਿਲਾਂ ਜੂਨ 2021 ਵਿਚ ਚੀਨ ਨੇ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ ਹਾਸਲ ਕੀਤਾ ਸੀ। ਚੀਨ ਹੁਣ ਤੱਕ (17 ਅਕਤੂਬਰ 2021 ਤੱਕ) 223 ਕਰੋੜ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ਨੂੰ ਲਵਾ ਚੁੱਕਿਆ ਹੈ।

ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

No. 3 - Fact Check: ਬਿਜਲੀ ਸਪਲਾਈ ਨੂੰ ਕੀਤਾ ਸੀ ਬਹਾਲ, 2016 ਦੀ ਤਸਵੀਰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਨ੍ਹਾਂ ਨੂੰ ਬਿਜਲੀ ਦੇ ਖੰਬੇ ਉੱਤੇ ਚੜਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਗਿਆ ਕਿ ਮੁੱਖ ਮੰਤਰੀ ਨੇ ਕੁਰਾਲੀ 'ਚ ਬਿਜਲੀ ਦੇ ਖੰਬੇ 'ਤੇ ਚੜ ਪਾਣੀ ਵਾਲੀ ਟੈਂਕੀ ਦੇ ਟਿਊਬਵੈਲ ਦਾ ਕੁਨੈਕਸ਼ਨ ਜੋੜਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਚਰਨਜੀਤ ਚੰਨੀ ਨੇ ਚਮਕੌਰ ਸਾਹਿਬ ਅਧੀਨ ਪੈਂਦੇ ਸੀਹੋਂ ਮਾਜਰਾ ਪਿੰਡ ਦੇ ਵਾਟਰ ਵਰਕਸ ਦੀ ਕੱਟੀ ਗਈ ਬਿਜਲੀ ਸਪਲਾਈ ਨੂੰ ਮੁੜ ਬਹਾਲ ਕੀਤਾ ਸੀ। ਹੁਣ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

No. 4 - Fact Check: ਹਾਲੀਆ ਕੋਲ ਸੰਕਟ ਨਾਲ ਜੋੜ ਭਾਜਪਾ ਲੀਡਰਾਂ ਨੇ ਵਾਇਰਲ ਕੀਤਾ ਪੁਰਾਣਾ ਵੀਡੀਓ

ਦੇਸ਼ ਕੋਲੇ ਦੀ ਘਾਟ ਦੇ ਸੰਕਟ ਤੋਂ ਗੁਜ਼ਰ ਰਿਹਾ ਹੈ ਅਤੇ ਬੀਤੇ ਦਿਨੀ ਕਈ ਖਬਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਵਿਚ ਬਲੈਕਆਊਟ ਦਾ ਖਤਰਾ ਮੰਡਰਾ ਰਿਹਾ ਹੈ। ਹੁਣ ਇਸੇ ਸੰਕਟ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਗਿਆ। ਇਸ ਵੀਡੀਓ ਵਿਚ ਇੱਕ ਲੰਬੀ ਮਾਲਗੱਡੀ ਦੀ ਟਰੇਨ ਨੂੰ ਕੋਲਾ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਗਿਆ ਕਿ ਹਾਲੀਆ ਕੋਲ ਸੰਕਟ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਕੋਲੇ ਦਾ ਤਤਕਾਲ ਪ੍ਰਬੰਧ ਕੀਤਾ ਅਤੇ ਵੀਡੀਓ ਵਿਚ ਦਿੱਸ ਰਹੀ 4 ਕਿਲੋਮੀਟਰ ਲੰਬੀ ਕੋਲਾ ਲੈ ਕੇ ਜਾਂਦੀ ਟਰੇਨ ਇਸਦਾ ਸਬੂਤ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਸਰਕਾਰ ਦੀ ਤਰੀਫ ਕੀਤੀ ਗਈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਹੈ। ਹੁਣ ਇਸ ਪੁਰਾਣੇ ਵੀਡੀਓ ਨੂੰ ਹਾਲੀਆ ਕੋਲ ਸੰਕਟ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

No. 5 - Fact Check: ਸਮ੍ਰਿਤੀ ਇਰਾਨੀ ਦੇ ਵਿਰੋਧ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਭਾਜਪਾ ਦੀ ਕੈਬਿਨੇਟ ਮੰਤਰੀ ਸਮ੍ਰਿਤੀ ਇਰਾਨੀ ਦਾ ਕੁਝ ਲੋਕਾਂ ਵੱਲੋਂ ਵਿਰੋਧ ਹੁੰਦਾ ਵੇਖਿਆ ਗਿਆ। ਦਾਅਵਾ ਕੀਤਾ ਗਿਆ ਕਿ ਵਾਰਾਣਸੀ ਵਿਚ ਸਮ੍ਰਿਤੀ ਇਰਾਨੀ ਦਾ ਹਾਲੀਆ ਵਿਰੋਧ ਕੀਤਾ ਗਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਹ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।