Fact Check: ਬੱਕਰੇ ਦਾ ਚਲਾਨ ਕੱਟਣ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Old video of Punjab Police Challan to Goat viral as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਪੁਲਿਸ ਮੁਲਾਜ਼ਮ ਨੂੰ ਇੱਕ ਵਿਅਕਤੀ ਦਾ ਬੱਕਰਾ ਆਪਣੇ ਬਾਈਕ 'ਤੇ ਲਿਜਾਣ ਕਰਕੇ ਚਲਾਨ ਕੱਟਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਬਣਾਉਣ ਵਾਲਾ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਪੁਲਿਸ ਉਸਦਾ ਤਿੰਨ ਸਵਾਰੀਆਂ ਦਾ ਚਲਾਨ ਕਰ ਰਹੀ ਹੈ। ਇਸ ਵੀਡੀਓ ਨੂੰ ਯੂਜ਼ਰਸ ਵਾਇਰਲ ਕਰਦਿਆਂ ਪੰਜਾਬ ਸਰਕਾਰ 'ਤੇ ਤਨਜ਼ ਕੱਸਦੇ ਨਜ਼ਰ ਆ ਰਹੇ ਹਨ। 

ਫੇਸਬੁੱਕ ਅਕਾਊਂਟ Vicky Choudhary ਨੇ 20 ਅਕਤੂਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੁਰਗੀ ਬੱਕਰੀ ਦਾ ਮੁਆਵਜ਼ਾ ਦੇਣ ਦੀ ਗੱਲ ਹੋਈ ਸੀ? ਮੁਰਗੀ ਬੱਕਰੀ ਦਾ ਮੁਆਵਜ਼ਾ(ਚਲਾਨ) ਸਰਕਾਰ ਕੋਲ ਭਰਨ ਦੀ ? ਜਬਾਬ ਜ਼ਰੂਰ ਦਿਓ ।।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ

ਸਾਨੂੰ ਇਹ ਵੀਡੀਓ ਪੰਜਾਬ ਦੇ ਨਾਮਵਰ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ ਫੇਸਬੁੱਕ ਪੇਜ ਵੱਲੋਂ 26 ਮਾਰਚ 2019 ਨੂੰ ਸਾਂਝਾ ਕੀਤਾ ਮਿਲਿਆ। ਪੇਜ ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਬੱਕਰੇ ਨੂੰ ਤੀਜੀ ਸਵਾਰੀ ਦੱਸ ਪੰਜਾਬ ਪੁਲਿਸ ਨੇ ਕੱਟਿਆ ਚਲਾਨ"

 ਇਸੇ ਤਰ੍ਹਾਂ ਸਮਾਨ ਮਿਤੀ ਨੂੰ ਮੀਡੀਆ ਅਦਾਰੇ PTC News ਨੇ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਪੰਜਾਬ ਪੁਲਿਸ ਨੇ ਬੱਕਰੇ ਨੂੰ ਵੀ ਨਹੀਂ ਬਖਸ਼ਿਆ, ਕੱਟਿਆ ਚਲਾਨ"

ਮਾਮਲੇ ਨੂੰ ਲੈ ਕੇ ਸਾਨੂੰ ਮੀਡੀਆ ਅਦਾਰੇ ਜਨਸੱਤਾ ਦੀ ਖਬਰ ਮਿਲੀ ਜਿਸਨੇ ਇਸ ਵੀਡੀਓ ਨੂੰ ਪੰਜਾਬ ਦੇ ਬਟਾਲਾ ਦਾ ਦੱਸਿਆ ਹੈ। ਹਾਲਾਂਕਿ ਜਨਸੱਤਾ ਨੇ ਵੀ ਵਾਇਰਲ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।

ਦੱਸ ਦਈਏ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਅਤੇ ਥਾਂ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਤੋਂ ਵਾਇਰਲ ਹੈ ਅਤੇ ਇਸਦਾ ਹਾਲੀਆ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।