ਸਾਧ ਵੱਲੋਂ ਗਾਂ ਚੋਰੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, ਸਪੋਕਸਮੈਨ ਦੀ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅੱਜ (27 ਅਗਸਤ 2023) ਸਵੇਰ ਤੋਂ ਹੀ ਚਰਚਾ ਦਾ ਵਿਸ਼ੇ ਬਣਿਆ ਰਿਹਾ। ਵੱਖ-ਵੱਖ ਮੀਡੀਆ ਸੰਸਥਾਵਾਂ ਨੇ ਇੱਕ ਵੀਡੀਓ ਲਾਈਵ ਕੀਤਾ ਜਿਸਦੇ ਵਿਚ ਇੱਕ ਸਾਧ ਦੇ ਰੂਪ 'ਚ ਆਏ ਵਿਅਕਤੀ ਨੂੰ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਉਸਦੇ ਘਰੋਂ ਗਾਂ ਚੋਰੀ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰਸ ਵੱਲੋਂ ਸੰਗਰੂਰ ਦੇ ਪਿੰਡ ਸ਼ੇਰਗੜ੍ਹ ਦਾ ਦੱਸਿਆ ਗਿਆ।
ਫੇਸਬੁੱਕ ਯੂਜ਼ਰ Gurpreet Singh Manan ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਵੀਰੋ ਬਹੁਤ ਮਾੜਾ ਸਮਾਂ ਆ ਗਿਆ। ਵੀਡੀਓ ਵਿੱਚ ਦੇਖੋ ਕਿਵੇਂ ਪਹਿਲਾਂ ਚੋਰ ਸਾਧ ਦੇ ਭੇਸ ਵਿੱਚ ਮੰਗਣ ਆਇਆ। ਘਰ ਦੇ ਮਾਲਕ ਨੂੰ ਗੱਲਾਂ ਵਿਚ ਉਲਝਾ ਕੇ ਕੋਈ ਦਵਾਈ ਲਗਾ ਦਿੱਤੀ ਬਾਅਦ ਵਿੱਚ ਜਦੋਂ ਮਾਲਕ ਬੇਹੋਸ਼ ਹੋ ਗਿਆ, ਚੋਰ ਉਸਦੀ ਗਾਂ ਨੂੰ ਚੋਰੀ ਕਰ ਲੈ ਗਿਆ। ਦੇਖੋ ਤੇ ਸ਼ੇਅਰ ਕਰੋ ਕਿਸੇ ਦਾ ਭਲਾ ਹੋ ਸਕੇ"
ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਦੱਸ ਦਈਏ ਕਿ ਕਾਫੀ ਸਰਚ ਅਤੇ ਪੋਸਟਾਂ 'ਤੇ ਆਏ ਕਮੈਂਟਸ ਪੜ੍ਹਨ ਤੋਂ ਬਾਅਦ ਸਾਨੂੰ VBTV ਨਾਂਅ ਦੇ ਫੇਸਬੁੱਕ ਪੇਜ 'ਤੇ ਇਸ ਵੀਡੀਓ ਨੂੰ ਲੈ ਕੇ ਜਾਣਕਾਰੀ ਮਿਲੀ ਕਿ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ ਅਤੇ ਇਹ ਕਿਸੇ ਪੇਜ ਵੱਲੋਂ ਬਣਾਇਆ ਗਿਆ ਹੈ। ਇਸ ਪੇਜ ਦੇ ਐਡਮਿਨ ਨੇ ਲਿਖਿਆ, "ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਨਿਊਜ਼ ਅੱਜ ਕਾਫੀ ਟਰੈਂਡ ਕਰ ਰਹੀ ਹੈ ਪਰ ਇਹ ਸੱਚ ਨਹੀਂ ਹੈ,,, ਅਸਲ ਵਿੱਚ ਇੱਕ ਫੇਸਬੁੱਕ ਵੱਲੋਂ ਚੈਨਲ ਚਲਾਉਣ ਵਾਲੇ ਕੁਝ ਮੁੰਡਿਆਂ ਵੱਲੋਂ ਇਹ ਵੀਡੀਓ ਸ਼ੂਟ ਕੀਤਾ ਗਿਆ ਸੀ ਜਿਸ ਨੂੰ ਅੱਜ ਹੀ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤਾ ਗਿਆ ਸੀ ਫੇਸਬੁੱਕ ਚੈਨਲ ਚਲਾਉਣ ਵਾਲੇ ਮੁੰਡਿਆਂ ਦੇ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਅਸੀਂ ਇਹ ਵੀਡੀਓ ਸਿਰਫ ਮੈਸਜ ਦੇਣ ਲਈ ਬਣਾਈ ਸੀ ਵੀਡੀਓ ਜਿਆਦਾ ਲੋਕਾ ਤੱਕ ਪਹੁੰਚੇ ਤਾਂ ਇੱਕ ਸੀਸੀਟੀਵੀ ਕੈਮਰੇ ਦਾ ਸਹਾਰਾ ਲਿਆ ਗਿਆ ਅਸਲ ਵਿੱਚ ਸੰਗਰੂਰ ਜਿਲ੍ਹੇ ਵਿੱਚ ਕੋਈ ਇਸ ਤਰਾਂ ਦੀ ਘਟਨਾ ਨਹੀਂ ਹੋਈ ਜਿੱਥੇ ਕੋਈ ਜੋਗੀ ਦੇ ਭੇਸ ਵਿੱਚ ਆ ਕੇ ਮੁੰਡੇ ਨੂੰ ਕੁੱਝ ਖਵਾ ਕੇ ਚੋਰੀ ਕਰ ਲੈ ਗਿਆ ਹੋਵੇ"
ਹੁਣ ਅਸੀਂ ਇਸ ਪੇਜ ਦੇ ਐਡਮਿਨ ਨਾਲ ਸੰਪਰਕ ਕੀਤਾ। ਸਾਡੀ ਗੱਲ ਪੇਜ ਦੇ ਐਡਮਿਨ ਸੰਗਰੂਰ ਤੋਂ ਪੱਤਰਕਾਰ ਵਿੱਕੀ ਭੁੱਲਰ ਨਾਲ ਹੋਈ। ਵਿੱਕੀ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਵਾਇਰਲ ਇਹ ਵੀਡੀਓ VS Boys ਨਾਂਅ ਦੇ ਇੱਕ ਪੇਜ ਵੱਲੋਂ ਬਣਾਇਆ ਗਿਆ ਸੀ ਅਤੇ ਇਹ ਵੀਡੀਓ ਪੂਰੀ ਤਰ੍ਹਾਂ ਸਕ੍ਰਿਪਟਿਡ ਹੈ। ਮੇਰੀ ਗੱਲ VS Boys ਪੇਜ ਦੇ ਐਡਮਿਨ ਨਾਲ ਹੋਈ ਸੀ ਅਤੇ ਉਸਨੇ ਵੀ ਪੁਸ਼ਟੀ ਕੀਤੀ ਹੈ ਕਿ ਵਾਇਰਲ ਵੀਡੀਓ ਇੱਕ ਨਾਟਕ ਸੀ।"
ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ VS Boys ਨਾਂਅ ਦੇ ਪੇਜ ਵਿਜ਼ਿਟ ਕੀਤਾ। ਦੱਸ ਦਈਏ ਸਾਨੂੰ ਓਥੇ ਇਸ ਵੀਡੀਓ ਦਾ ਅਸਲ ਸਰੋਤ ਮਿਲਿਆ। ਪੇਜ ਨੇ 26 ਅਗਸਤ 2023 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "24 ਸਾਲਾਂ ਨੌਜਵਾਨ ਨੂੰ ਦਿਨ ਦਿਹਾੜੇ ਦਿੱਤਾ ਜਹਿਰ । ਚੋਰੀ ਨੂੰ ਦਿੱਤਾ ਅੰਜਾਮ LIVE CCTV VIDEO ਇਹ ਵੀਡਿਓ ਸਿਰਫ ਮੈਸੇਜ ਦੇਣ ਲਈ ਬਣਾਈ ਗਈ ਆ ????"
ਹੁਣ ਅਸੀਂ ਇਸ ਪੇਜ ਦੇ ਐਡਮਿਨ ਤੇ ਸੰਚਾਲਕ ਨਾਲ ਫੋਨ 'ਤੇ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਐਡਮਿਨ ਗੁਰਪ੍ਰੀਤ ਸਿੰਘ ਨੇ ਦੱਸਿਆ, "ਇਹ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਸੀ ਜਿਸਨੂੰ ਲੋਕਾਂ ਨੇ ਗਲਤ ਤਰੀਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀਡੀਓ ਅਸੀਂ ਜਾਗਰੂਕ ਕਰਨ ਵਾਸਤੇ ਬਣਾਇਆ ਸੀ ਅਤੇ ਇਸਦੇ ਵਿਚ ਦਿੱਸ ਰਹੇ ਸਾਰੇ ਲੋਕ ਕਲਾਕਾਰ ਹਨ।"
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਜਾਂਚ ਕੀਤੀ ਅਤੇ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ।