ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ 'ਤੇ ਇਜ਼ਰਾਇਲ ਨੇ ਸੁੱਟੇ ਬੰਬ? ਨਹੀਂ, ਵਾਇਰਲ ਵੀਡੀਓ ਸੁਡਾਨ ਦਾ ਹੈ
ਵਾਇਰਲ ਇਹ ਵੀਡੀਓ ਸੁਡਾਨ ਦਾ ਹੈ ਤੇ ਇਸਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁੱਖ-ਪਿਆਸ ਨਾਲ ਤੜਫ਼ ਰਹੇ ਫਿਲਿਸਤਿਨ-ਗਾਜਾ ਦੇ ਬੱਚੇ ਜਦੋਂ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ ਤਾਂ ਇਜਰਾਇਲ ਵੱਲੋਂ ਉਨ੍ਹਾਂ 'ਤੇ ਬੰਬ ਸੁੱਟ ਦਿੱਤਾ ਗਿਆ।
ਫੇਸਬੁੱਕ ਯੂਜ਼ਰ ਪਰਮਿੰਦਰ ਸਿੰਘ ਢਿੱਲੋਂ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਭੁਖ ਪਿਆਸ ਨਾਲ ਤੜਫ ਰਹੇ ਪੇਲੇਸਟਾਇਨ ਗਾਜਾ ਦੇ ਬੱਚੇ ਪਾਣੀ ਪੀਣ ਲਈ ਪਾਣੀ ਦੀ ਟੈਂਕੀ ਕੋਲ ਪਹੁੰਚੇ , ਇਜਰਾਇਲ ਅੱਤਕਵਾਦੀਆ ਨੇ ਉਪਰੋ ਬੰਬ ਸਿਟਤਾ ... *ਕਿੰਨੀ ਲਾਚਾਰ..ਪੂਰੀ ਦੁਨੀਆ ਏ ਸਬ ਦੇਖ ਰਹੀ ..ਦੇਖ ਕੇ ਅੱਖਾ ਬੰਦ ਕਰ ਲੇਦੀਂ ਹੈ ??"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਸੁਡਾਨ ਦਾ ਹੈ ਤੇ ਇਸਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਸੁਡਾਨ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਟਵੀਟ ਮਿਲੇ ਜਿਸਦੇ ਵਿਚ ਇਸ ਵੀਡੀਓ ਨੂੰ ਸੁਡਾਨ ਦਾ ਦੱਸਿਆ ਗਿਆ। ਅਧਿਕਾਰਿਕ X ਅਕਾਊਂਟ Clash Report ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Sudan Army armed drone strike on RSF forces caused the fuel to ignite and set the people on fire."
ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਸੁਡਾਨ ਦਾ ਹੀ ਜਿਥੇ ਸੁਡਾਨ ਦੀ ਆਰਮੀ ਨੇ RSF ਫੋਰਸ 'ਤੇ ਹਮਲਾ ਕੀਤਾ ਸੀ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਹੋਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Al -Jazeera ਸੁਡਾਨ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਮੁਤਾਬਕ ਇਸਨੂੰ ਕੈਪਸ਼ਨ ਦਿੱਤਾ ਗਿਆ, "A Sudanese army march bombed a fuel tanker belonging to the Rapid Support Forces in Khartoum"
ਇਸ ਜਾਣਕਾਰੀ ਨੂੰ ਅਗਾਂਹ ਮੋਹਰਾ ਬਣਾ ਕੇ ਅਸੀਂ Google Earth 'ਤੇ ਸਮਾਨ ਥਾਂ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਸਮਾਨ ਲੋਕੇਸ਼ਨ ਮਿਲੀ ਜਿਸਨੇ ਸਾਫ ਕੀਤਾ ਕਿ ਇਹ ਵੀਡੀਓ ਸੁਡਾਨ ਦਾ ਹੈ ਨਾ ਕਿ ਫਿਲਿਸਤਿਨ ਦਾ। ਹੇਠਾਂ ਕੋਲਾਜ ਵਿਚ ਤੁਸੀਂ ਵਾਇਰਲ ਵੀਡੀਓ ਤੇ ਸਾਡੇ ਗੂਗਲ ਅਰਥ ਦੇ ਖੋਜ ਨਤੀਜਿਆਂ ਨੂੰ ਵੇਖ ਸਕਦੇ ਹੋ।
"ਸੁਡਾਨ ਹਿੰਸਾ"
ਦੇਸ਼ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਜਨਰਲਾਂ, ਫ਼ੌਜ ਦੇ ਮੁਖੀ ਅਬਦੇਲ ਫਤਾਹ ਅਲ-ਬੁਰਹਾਨ ਅਤੇ ਆਰਐੱਸਐੱਫ਼ ਕਮਾਂਡਰ ਮੁਹੰਮਦ ਹਮਦਾਨ ਦਗਾਲੋ, ਜਿਨ੍ਹਾਂ ਨੂੰ ‘ਹੇਮੇਦਤੀ’ ਵਜੋਂ ਜਾਣਿਆ ਜਾਂਦਾ ਹੈ ਇੱਕ-ਦੂਜੇ ਸਾਹਮਣੇ ਖੜੇ ਹੋ ਗਏ ਜਿਸਨੇ ਦਾਰਫੁਰ ਤੇ ਸੁਡਾਨ ਦੀ ਕੈਪੀਟਲ ਖ਼ਰਤੁਮ ਵਿਚ ਸੰਘਰਸ਼ ਨੂੰ ਸ਼ੁਰੂ ਕੀਤਾ। ਸੁਡਾਨ ਦੀ ਫੌਜ ਅਤੇ ਅਰਧ ਸੈਨਿਕ ਦਲ ਵਿਚਕਾਰ ਜੰਗ ਆਪਣੇ ਸੱਤਵੇਂ ਮਹੀਨੇ ਵਿਚ ਦਾਖਲ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਸੰਘਰਸ਼ ਦੌਰਾਨ ਅੰਦਾਜ਼ਨ 9,000 ਲੋਕ ਮਾਰੇ ਗਏ ਹਨ ਅਤੇ ਹੋਰ 5.6 ਮਿਲੀਅਨ ਆਪਣੇ ਘਰ ਛੱਡਣ ਲਈ ਮਜਬੂਰ ਹਨ। ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ-ਜਨਰਲ ਮਾਰਟਿਨ ਗ੍ਰਿਫਿਥਸ ਨੇ ਇੱਕ ਬਿਆਨ ਵਿਚ ਕਿਹਾ, "ਅੱਧੇ ਸਾਲ ਦੀ ਲੜਾਈ ਨੇ ਸੁਡਾਨ ਨੂੰ ਹਾਲ ਹੀ ਦੇ ਇਤਿਹਾਸ ਵਿਚ ਸਭ ਤੋਂ ਭੈੜੇ ਮਨੁੱਖਤਾਵਾਦੀ ਸੁਪਨਿਆਂ ਵਿਚੋਂ ਇੱਕ ਵਿਚ ਸੁੱਟ ਦਿੱਤਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਸੁਡਾਨ ਦਾ ਹੈ ਤੇ ਇਸਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।