ਕੁੜੀਆਂ ਵੱਲੋਂ ਮਨਚਲੇ ਦੀ ਕੁੱਟਮਾਰ ਦੇ ਇਸ ਮਾਮਲੇ 'ਚ ਕੋਈ ਫਿਰਕੂ ਕੋਣ ਨਹੀਂ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਕੁੜੀਆਂ ਵੱਲੋਂ ਇੱਕ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਫਿਰਕੂ ਕੋਣ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਲੜਕੇ ਨੇ ਹਿੰਦੂ ਲੜਕੀਆਂ ਨਾਲ ਛੇੜਛਾੜ ਕੀਤੀ ਤਾਂ ਉਨ੍ਹਾਂ ਲੜਕੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
X ਅਕਾਊਂਟ Chandan Mishra ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, "कहां से है वीडियो पता नहीं, लेकिन यह देखकर बहुत अच्छा लगा। हिंदू बेटियों ने लव जिहादियों को सबक सिखाना शुरू कर दिया है। जागो। ???????? जय श्री राम"
ਕਈ ਯੂਜ਼ਰਸ ਸਮਾਨ ਦਾਅਵੇ ਨਾਲ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਇਹਨਾਂ ਵਿਚੋਂ ਕੁਝ ਪੋਸਟਾਂ ਨੂੰ ਹੇਠਾਂ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲ ਦਾ ਨਹੀਂ, ਸਗੋਂ 2018 ਦੇ ਬਾਗਪਤ, ਯੂਪੀ ਦਾ ਹੈ, ਜਦੋਂ ਧਰਮ ਸਿੰਘ ਸਰਸਵਤੀ ਗਰਲਜ਼ ਇੰਟਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਪਿਲ ਚੌਹਾਨ ਨਾਮਕ ਬਦਮਾਸ਼ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਸਬੰਧੀ ਖਬਰਾਂ ਦੀ ਖੋਜ ਸ਼ੁਰੂ ਕੀਤੀ।
ਵਾਇਰਲ ਦਾਅਵਾ ਫਰਜ਼ੀ ਹੈ
ਸਾਨੂੰ ਇਸ ਮਾਮਲੇ ਬਾਰੇ ਨਵਭਾਰਤ ਟਾਈਮਜ਼ ਦੀ ਮਿਤੀ 10 ਦਸੰਬਰ 2018 ਦੀ ਇੱਕ ਰਿਪੋਰਟ ਮਿਲੀ। ਇਸ ਮਾਮਲੇ 'ਤੇ ਰਿਪੋਰਟ ਪ੍ਰਕਾਸ਼ਿਤ ਕਰਦੇ ਹੋਏ ਖਬਰ ਦਾ ਸਿਰਲੇਖ ਦਿੱਤਾ ਗਿਆ ਸੀ, "देखें: ...जब मर्दानी बनीं छात्राएं, स्कूल परिसर में मनचले को दौड़ा-दौड़ाकर पीटा" (ਵੇਖੋ:....ਜਦੋਂ ਮਰਦਾਨੀ ਬਣੀ ਕੁੜੀਆਂ, ਸਕੂਲ ਪਰਿਸਰ ਵਿਚ ਮਨਚਲੇ ਨੂੰ ਭਜਾ-ਭਜਾ ਕੁੱਟਿਆ)
ਖਬਰ ਮੁਤਾਬਕ, ''ਯੂਪੀ ਦੇ ਬਾਗਪਤ ਜ਼ਿਲੇ 'ਚ ਸਕੂਲ ਜਾਂਦੇ ਸਮੇਂ ਲਗਾਤਾਰ ਹੋ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਤੋਂ ਤੰਗ ਆ ਕੇ ਵਿਦਿਆਰਥਣਾਂ ਮਰਦਾਨੀ ਹੋ ਗਈਆਂ ਅਤੇ ਉਨ੍ਹਾਂ ਨੇ ਸਕੂਲ ਦੇ ਅੰਦਰ ਹੀ ਇਕ ਲੜਕੇ ਦਾ ਪਿੱਛਾ ਕੀਤਾ ਅਤੇ ਉਸ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ। ਇਹ ਘਟਨਾ ਬਾਗਪਤ ਜ਼ਿਲੇ ਦੇ ਧਰਮ ਸਿੰਘ ਇੰਟਰ ਕਾਲਜ 'ਚ ਵਾਪਰੀ ਜਿਥੇ ਲੜਕੇ ਦੀ ਕੁੱਟਮਾਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਸਾਰੀ ਕਾਰਵਾਈ 'ਚ ਵਿਦਿਆਰਥਣਾਂ ਨੂੰ ਆਪਣੇ ਅਧਿਆਪਕ ਦਾ ਵੀ ਸਾਥ ਮਿਲਿਆ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਤਿੰਨ ਲੜਕੀਆਂ ਨੇ ਆਪਣਾ ਚੇਹਰਾ ਢਕਿਆ ਹੋਇਆ ਹੈ ਤੇ ਉਨ੍ਹਾਂ ਦਾ ਟੀਚਰ ਵੀ ਉਥੇ ਹੈ। ਇਨ੍ਹਾਂ ਵਿਦਿਆਰਥਣਾਂ ਨੇ ਪੂਰੀ ਯੋਜਨਾ ਬਣਾ ਕੇ ਮਨਚਲੇ ਨੂੰ ਡੰਡਿਆਂ ਨਾਲ ਕੁੱਟਿਆ। ਕੁੱਟਮਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਦਾ ਗੇਟ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ। ਆਖਰਕਾਰ ਆਪਣੀ ਜਾਨ ਬਚਾਉਣ ਲਈ , ਮਨਚਲਾ ਸਕੂਲ ਦੁ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ।"
ਬਾਗਪਤ ਦੇ ਐਸਪੀ ਸ਼ੈਲੇਸ਼ ਕੁਮਾਰ ਪਾਂਡੇ ਦਾ ਬਿਆਨ ਇਸ ਖਬਰ ਵਿਚ ਸ਼ਾਮਲ ਕੀਤਾ ਗਿਆ ਸੀ। ਸ਼ੈਲੇਸ਼ ਨੇ ਇਸ ਸਬੰਧ 'ਚ ਕਿਹਾ, ''ਅਸੀਂ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਐਤਵਾਰ ਹੋਣ ਕਾਰਨ ਅਸੀਂ ਉਸ ਤੋਂ ਪੁੱਛਗਿੱਛ ਪੂਰੀ ਨਹੀਂ ਕਰ ਸਕੇ। ਸਕੂਲ ਬੰਦ ਸੀ ਅਤੇ ਲੜਕੀਆਂ ਜਾਂ ਉਨ੍ਹਾਂ ਦੇ ਅਧਿਆਪਕ ਨਹੀਂ ਆਏ ਸਨ। ਇਸ ਲਈ ਅਸੀਂ ਸੰਪਰਕ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਰਸਮੀ ਸ਼ਿਕਾਇਤ ਦੀ ਉਡੀਕ ਕਰ ਰਹੇ ਹਨ ਅਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।"
ਹੁਣ ਤੱਕ ਮਿਲੀ ਜਾਣਕਾਰੀ ਤੋਂ ਸਾਫ਼ ਹੋਇਆ ਕਿ ਮਾਮਲਾ ਯੂਪੀ ਦੇ ਬਾਗਪਤ ਦਾ ਹੈ ਅਤੇ 2018 ਦਾ ਹੈ। ਹੁਣ ਅਸੀਂ ਅੱਗੇ ਵਧੇ ਅਤੇ ਮੁਲਜ਼ਮ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
"ਵਾਇਰਲ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕਿਸੇ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਨਹੀਂ ਹੈ"
ਸਾਨੂੰ ਇਸ ਮਾਮਲੇ ਬਾਰੇ The Quint ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ 'ਚ ਦੱਸਿਆ ਗਿਆ ਕਿ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ, ਉਸ ਦਾ ਨਾਂ ਕਪਿਲ ਚੌਹਾਨ ਹੈ। ਇਸ ਖ਼ਬਰ ਵਿੱਚ ਐਸਐਚਓ ਸੰਜੀਵ ਕੁਮਾਰ ਦਾ ਇੱਕ ਵੀਡੀਓ ਬਿਆਨ ਸ਼ਾਮਲ ਕੀਤਾ ਗਿਆ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਮੁਲਜ਼ਮ ਦਾ ਨਾਂ ਕਪਿਲ ਚੌਹਾਨ ਹੈ।
ਮਤਲਬ ਸਾਫ ਹੈ ਕਿ ਯੂਪੀ ਦੇ ਇੱਕ ਪੁਰਾਣੇ ਮਾਮਲੇ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲ ਦਾ ਨਹੀਂ, ਸਗੋਂ 2018 ਦੇ ਬਾਗਪਤ, ਯੂਪੀ ਦਾ ਹੈ, ਜਦੋਂ ਧਰਮ ਸਿੰਘ ਸਰਸਵਤੀ ਗਰਲਜ਼ ਇੰਟਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਪਿਲ ਚੌਹਾਨ ਨਾਮਕ ਬਦਮਾਸ਼ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਹੈ।