ਡੌਂਕੀ ਲਾ ਕੇ ਜਾਂਦੇ ਸਮੇਂ ਵਾਪਰੇ ਇਟਲੀ ਕਿਸ਼ਤੀ ਹਾਦਸੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ, ਪੜ੍ਹੋ Fact Check ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।

Fact Check Video Clip of US Coast Guard Saving Individual linked with recent Italy Boat Crash

RSFC (Team Mohali)- ਬੀਤੇ ਦਿਨਾਂ ਇਟਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਖਬਰ ਰਹੀ ਕਿ ਡੌਂਕੀ ਲਾ ਕੇ ਯੂਰਪ ਵੱਲ ਨੂੰ ਜਾ ਰਹੀ ਕਿਸ਼ਤੀ ਸਮੁੰਦਰ 'ਚ ਡੁੱਬ ਗਈ ਜਿਸਦੇ ਕਾਰਣ ਲੱਗਭਗ 60 ਲੋਕ ਆਪਣੀ ਜਾਨ ਗਵਾ ਬੈਠੇ ਅਤੇ ਹਾਲੇ ਵੀ ਕਈ ਲਾਪਤਾ ਹਨ।

ਲਾਜ਼ਮੀ ਸੀ ਕਿ ਇਸ ਖਬਰ ਨੂੰ ਮੀਡੀਆ ਅਦਾਰਿਆਂ ਨੇ ਕਵਰ ਕੀਤਾ ਅਤੇ ਮਾਮਲੇ ਦੀਆਂ ਵੀਡੀਓਜ਼ ਸਾਂਝੀ ਕੀਤੀਆਂ। ਅਜਿਹਾ ਹੀ ਇੱਕ ਵੀਡੀਓ ਮਾਮਲੇ ਦੇ ਅਪਡੇਟ ਵੱਜੋਂ ਸਾਂਝਾ ਕੀਤਾ ਗਿਆ ਜਿਸਦੇ ਵਿਚ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਮੌਕੇ ਦਾ ਵੀਡੀਓ ਹੈ। ਕੁਝ ਮੀਡੀਆ ਅਦਾਰਿਆਂ ਨੇ ਵੀਡੀਓ ਨੂੰ ਮਾਮਲੇ ਦਾ ਮੌਕੇ ਦਾ ਵੀਡੀਓ ਦੱਸਿਆ। ਇਨ੍ਹਾਂ ਖਬਰਾਂ ਦੇ ਲਿੰਕ ਨੂੰ ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

"ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਜਿਹੜੇ ਵੀਡੀਓ ਨੂੰ ਮੌਕੇ ਦਾ ਵੀਡੀਓ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਅਮਰੀਕਾ ਦਾ ਹੈ ਜਦੋਂ ਇੱਕ ਕੋਸਟ ਗਾਰਡ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਜਾਂਦੀ ਹੈ। ਵਾਇਰਲ ਵੀਡੀਓ ਇਟਲੀ ਹਾਦਸੇ ਨਾਲ ਸਬੰਧ ਨਹੀਂ ਰੱਖਦਾ ਹੈ।"

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਮੌਕੇ ਦਾ ਵੀਡੀਓ ਅਮਰੀਕਾ ਦਾ ਹੈ!!

ਸਾਨੂੰ ਵਾਇਰਲ ਵੀਡੀਓ 4 ਫਰਵਰੀ 2023 ਦਾ USCGPacificNorthwest ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਸਾਂਝਾ ਕੀਤਾ ਮਿਲਿਆ। ਇਥੇ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਮਲਾ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ। ਇਥੇ ਜੇਕਰ ਟਵੀਟਸ ਦੀ ਲੜੀ ਨੂੰ ਵੇਖਿਆ ਜਾਵੇ ਤਾਂ ਮਾਮਲੇ ਦੀਆਂ ਹੋਰ ਤਸਵੀਰਾਂ ਅਤੇ ਵੀਡੀਓਜ਼ ਵੀ ਮਿਲਦੇ ਹਨ।

 

 

ਇਸ ਮਾਮਲੇ ਨੂੰ ਲੈ ਕੇ ਮੀਡੀਆ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਇਟਲੀ ਹਾਦਸੇ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ।