140 ਨੰਬਰ ਦਾ ਕਾਲ ਚੁੱਕਣ 'ਤੇ ਨਹੀਂ ਖਾਲੀ ਹੋਵੇਗਾ ਬੈਂਕ ਖਾਤਾ, ਇਹ ਕਾਲਾਂ ਪਬਲੀਸਿਟੀ ਸਟੰਟ ਦਾ ਹਿੱਸਾ ਸਨ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ ਹੈ।
ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਦਾ ਕੋਲਾਜ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਵਿਅਕਤੀ 140 ਨੰਬਰ ਦਾ ਕਾਲ ਚੁੱਕਦਾ ਹੈ ਤਾਂ ਉਸਦਾ ਬੈਂਕ ਖਾਤਾ ਖਾਲੀ ਹੋ ਜਾਵੇਗਾ। ਇਨ੍ਹਾਂ ਵੀਡੀਓਜ਼ ਵਿਚ ਪੁਲਿਸ ਦੀ ਵਰਦੀ ਪਾਏ ਜਵਾਨਾਂ ਨੂੰ ਇਸ ਗੱਲ ਦੀ ਅਨਾਊਂਸਮੈਂਟ ਕਰਦੇ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਲੈ ਕੇ ਇੱਕ ਮੀਡੀਆ ਅਦਾਰੇ ਨੇ ਵੀ ਖਬਰ ਚਲਾਈ ਹੈ। 28 ਜੁਲਾਈ 2023 ਦੀ ਇਹ ਖਬਰ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਸੁਣਿਆ ਅਤੇ ਇਸਦੇ ਵਿਚੋਂ ਵਾਇਰਲ ਵੀਡੀਓਜ਼ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਇਹ ਕਾਲਾਂ ਇੱਕ ਪਬਲੀਸਿਟੀ ਸਟੰਟ ਸਨ
ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ Fact Checking ਸੰਸਥਾ Alt News ਦੀ ਇੱਕ ਰਿਪੋਰਟ ਮਿਲੀ। ਇਸ ਖਬਰ ਵਿਚ ਸਾਫ ਕੀਤਾ ਗਿਆ ਕਿ ਵਾਇਰਲ ਦਾਅਵਾ ਇੱਕ ਵੈੱਬ ਸੀਰੀਜ਼ ਦਾ ਪ੍ਰੋਮੋਸ਼ਨ ਨਾਲ ਜੁੜਿਆ ਹੋਇਆ ਹੈ।
ਇਸ ਖਬਰ ਵਿਚ ਮੁੰਬਈ ਪੁਲਿਸ ਦੇ Cyber Cell ਬ੍ਰਾਂਚ ਦਾ ਟਵੀਟ ਸਾਂਝਾ ਕੀਤਾ ਗਿਆ ਸੀ। ਮੁੰਬਈ ਪੁਲਿਸ ਨੇ 11 ਜੁਲਾਈ 2020 ਨੂੰ ਟਵੀਟ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਂਨੂੰ ਕਿਸੇ ਨੂੰ ਵੀ 140 ਨੰਬਰ ਤੋਂ ਕਾਲ ਆਉਂਦਾ ਹੈ ਤਾਂ ਘਬਰਾਉਣ ਦੀ ਗੱਲ ਨਹੀਂ ਹੈ। ਇਹ ਨੰਬਰ ਤੇਲੇਮਾਰਕਟਿੰਗ ਲਈ ਦਿੱਤੇ ਜਾਂਦੇ ਹਨ।
ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਤੁਹਾਡੇ ਤੋਂ OTP ਜਾਂ ਹੋਰ ਜਾਣਕਾਰੀ ਮੰਗਦਾ ਹੈ ਤਾਂ ਤੁਸੀਂ ਕੋਈ ਜਾਣਕਾਰੀ ਸਾਂਝੀ ਨਹੀਂ ਕਰਨੀ ਹੈ।
ਅੱਗੇ ਇਸ ਖਬਰ ਵਿਚ ਮੀਡੀਆ ਅਦਾਰੇ NDTV ਦਾ ਹਵਾਲਾ ਦਿੱਤਾ ਗਿਆ। NDTV ਦੀ ਰਿਪੋਰਟ ਨੇ ਸਾਫ ਕੀਤਾ ਕਿ ਵਾਇਰਲ ਹੋ ਰਹੇ ਵੀਡੀਓਜ਼ ਇੱਕ ਪਬਲੀਸਿਟੀ ਦਾ ਹਿੱਸਾ ਹਨ।
ਇਸ ਖਬਰ ਵਿਚ ਜਾਣਕਾਰੀ ਦਿੱਤੀ ਗਈ ਕਿ ਮੁੰਬਈ ਦੇ ਕੁਝ ਲੋਕਾਂ ਨੂੰ 140 ਨੰਬਰ ਤੋਂ ਕਾਲ ਆਏ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਈ ਲੋਕਾਂ ਨੇ ਇਸਦੀ ਰਿਪੋਰਟ ਨਜ਼ਦੀਕੀ ਥਾਣਿਆਂ 'ਚ ਕਰਵਾਈ। ਮੁੰਬਈ ਪੁਲਿਸ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਸਭ ਚੀਜ਼ਾਂ ਇੱਕ ਪਬਲੀਸਿਟੀ ਸਟੰਟ ਸਨ।
ਇਸ ਸਟੰਟ ਨੂੰ Sony LIV ਨੇ ਆਪਣੀ ਇੱਕ ਵੈੱਬ ਸੀਰੀਜ਼ ਲਈ ਖੇਡਿਆ ਸੀ। ਇਸ ਪੂਰੇ ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ Sony ਨੇ ਮੁਆਫੀ ਮੰਗਦਿਆਂ 10 ਜੁਲਾਈ 2020 ਨੂੰ ਟਵੀਟ ਕਰ ਲਿਖਿਆ ਸੀ, "ਜੇਕਰ ਤੁਹਾਨੂੰ ਸਾਡੇ ਸ਼ੋਅ Undekhi ਵੱਲੋਂ ਕਾਲ ਆਈ ਹੈ ਅਤੇ ਇਸ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੈ ਤਾਂ ਅਸੀਂ ਤੁਹਾਡੇ ਤੋਂ ਦਿਲੋਂ ਮੁਆਫੀ ਚਾਹੁੰਦੇ ਹਾਂ। ਇਹ ਇੱਕ ਟੈਸਟ ਗਤੀਵਿਧੀ ਸੀ ਜੋ ਗਲਤੀ ਨਾਲ ਚੱਲੀ ਸੀ ਅਤੇ ਸਾਡਾ ਇਰਾਦਾ ਕਿਸੇ ਕਿਸਮ ਦੀ ਬੇਅਰਾਮੀ ਜਾਂ ਘਬਰਾਹਟ ਪੈਦਾ ਕਰਨਾ ਨਹੀਂ ਸੀ। ਸਾਨੂੰ ਕਿਸੇ ਵੀ ਅਸੁਵਿਧਾ ਲਈ ਦਿਲੋਂ ਅਫ਼ਸੋਸ ਹੈ।"
ਸੋਨੀ ਦੇ ਇਸ ਜਵਾਬ ਮਗਰੋਂ ਮੁੰਬਈ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਸੀ ,"'ਕੋਈ ਵੀ ਪ੍ਰਚਾਰ ਚੰਗਾ ਪ੍ਰਚਾਰ ਹੁੰਦਾ ਹੈ' ਦਾ ਯੁੱਗ ਬੀਤ ਚੁੱਕਾ ਹੈ। ਨਾਗਰਿਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਖਤਰੇ ਦਾ ਸੁਝਾਅ ਦੇਣ ਵਾਲੇ ਕਿਸੇ ਵੀ ਪ੍ਰਚਾਰ ਨਾਲ ਲੋੜੀਂਦੀ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ। ਉਮੀਦ ਹੈ ਕਿ ਪ੍ਰੋਮੋਸ਼ਨ ਲਈ ਜਾਅਲੀ ਕਾਲਾਂ ਹੁਣ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਹੀਆਂ ਹਨ, ਮੁੰਬਈ ਵਾਲੇ #SoNotDone"
ਮਤਲਬ ਸਾਫ ਸੀ ਕਿ ਵਾਇਰਲ ਹੋਈ ਇਹ ਕਾਲਾਂ ਇੱਕ ਪਬਲੀਸਿਟੀ ਸਟੰਟ ਦਾ ਹਿੱਸਾ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ ਹੈ। ਇਹ ਕਾਲਾਂ ਸਿਰਫ ਪਬਲੀਸਿਟੀ ਸਟੰਟ ਦਾ ਇੱਕ ਹਿੱਸਾ ਸਨ। ਇਨ੍ਹਾਂ ਕਾਲ ਨੂੰ ਲੈ ਕੇ ਏੰਟਰਟੇਨਮੇੰਟ ਕੰਪਨੀ Sony Liv ਨੇ ਮੁਆਫੀ ਮੰਗ ਲਈ ਸੀ।