ਮੀਰਾ ਰੋਡ ਮੁੰਬਈ ਵਿਖੇ ਹੋਈ ਸ਼ੋਭਾ ਯਾਤਰਾ ਦੌਰਾਨ ਝੜਪ ਨਾਲ ਨਹੀਂ ਹੈ ਇਸ ਗ੍ਰਿਫਤਾਰੀ ਦਾ ਸਬੰਧ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਰਾ ਰੋਡ 'ਤੇ ਹੋਈ ਝੜਪ ਮਾਮਲੇ ਨਾਲ ਇਸ ਵੀਡੀਓ ਦਾ ਕੋਈ ਸਬੰਧ ਨਹੀਂ ਹੈ।
RSFC (Team Mohali)- ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਰਾਮ ਮੰਦਿਰ ਦੇ ਸਮਰਥਨ 'ਚ 21 ਜਨਵਰੀ ਨੂੰ ਮੁੰਬਈ ਦੇ ਮੀਰਾ ਰੋਡ 'ਤੇ ਕੱਢੀ ਜਾ ਰਹੀ ਹਿੰਦੂ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ਵਿਚ ਭਿਆਨਕ ਝੜਪ ਸਾਹਮਣੇ ਆਈ। ਹੁਣ ਇੱਕ ਗ੍ਰਿਫਤਾਰੀ ਦੇ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਯਾਤਰਾ 'ਤੇ ਹਮਲਾ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਦਾ ਇਹ ਵੀਡੀਓ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਟਵਿੱਟਰ ਅਕਾਊਂਟ "JIX5A" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Why do I feel instant gratification? Do you feel the same? ? #MiraRoad #JusticeServed"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਰਾ ਰੋਡ 'ਤੇ ਹੋਈ ਝੜਪ ਮਾਮਲੇ ਨਾਲ ਇਸ ਵੀਡੀਓ ਦਾ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪੁਰਾਣ ਹੈ ਅਤੇ ਹੈਦਰਾਬਾਦ ਦੇ ਇੱਕ ਮਾਮਲੇ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਧਾਰਮਿਕ ਨਫਰਤ ਫੈਲਾਉਣ ਮਕਸਦ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੇ ਟਵੀਟ ਅਤੇ ਖਬਰਾਂ ਵਿਚ ਸਾਂਝਾ ਕੀਤਾ ਮਿਲਿਆ। ਟਵਿੱਟਰ ਯੂਜ਼ਰ "Paul Oommen" ਨੇ 25 ਅਗਸਤ 2022 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "Several reports of violent policing in old city region of #Hyderabad. Many instances where youth were picked up from their homes and beaten. Heavy deployment continues in #Hyderabad."
ਮੌਜੂਦ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਦਾ ਦੱਸਿਆ ਗਿਆ। ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਅਧਿਕਾਰਿਕ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਰਿਪੋਰਟ ਪ੍ਰਕਾਸ਼ਿਤ ਮਿਲੀਆਂ।
"ਅਸਲ ਮਾਮਲਾ"
ਦੱਸ ਦਈਏ ਕਿ ਭਾਜਪਾ ਦੇ ਆਗੂ ਟੀ ਰਾਜਾ ਸਿੰਘ ਨੂੰ ਪੈਗੰਬਰ ਮੁਹੰਮਦ ਉੱਤੇ ਵਿਵਾਦਿਤ ਟਿੱਪਣੀ ਕਰਨ ਨੂੰ ਲੈ ਕੇ ਹੈਦਰਾਬਾਦ ਪੁਲਿਸ ਨੇ 23 ਅਗਸਤ 2022 ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅਗਲੇ ਹੀ ਦਿਨ ਉਸਨੂੰ ਜ਼ਮਾਨਤ ਮਿਲ ਗਈ ਸੀ। ਇਸੇ ਦੇ ਵਿਰੋਧ 'ਚ ਹੈਦਰਾਬਾਦ ਦੇ ਚਾਰ ਮੀਨਾਰ ਇਲਾਕੇ 'ਚ ਨੌਜਵਾਨਾਂ ਨੇ ਜਮਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੌਰਾਨ ਮਾਮਲੇ ਨੇ ਝੜਪ ਦਾ ਰੂਪ ਧਾਰ ਲਿਆ ਸੀ।
ਇਸੇ ਪ੍ਰਦਰਸ਼ਨ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਹ ਵੀਡੀਓ ਓਸੇ ਗ੍ਰਿਫਤਾਰੀ ਦਾ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਰਾ ਰੋਡ 'ਤੇ ਹੋਈ ਝੜਪ ਮਾਮਲੇ ਨਾਲ ਇਸ ਵੀਡੀਓ ਦਾ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪੁਰਾਣ ਹੈ ਅਤੇ ਹੈਦਰਾਬਾਦ ਦੇ ਇੱਕ ਮਾਮਲੇ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਧਾਰਮਿਕ ਨਫਰਤ ਫੈਲਾਉਣ ਮਕਸਦ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।
Our Sources:
Tweet Of "Paul Oommen" Dated, 24 August 2022
News Article Of Times Of India Dated, 23 August 2022