ਪਾਣੀਆਂ ਦੇ ਮੁੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ 8 ਅਗਸਤ ਨੂੰ ਕੀਤਾ ਜਾਵੇਗਾ MLAs ਤੇ MPs ਦਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਮੋਟਰਸਾਈਕਲ ਮਾਰਚ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਸਾਂਸਦਾਂ ਦੇ ਘਰਾਂ ਵੱਲ ਕੀਤੇ ਜਾਣਗੇ

Kirti Kisan Union


ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਪਾਣੀਆਂ ਲਈ ਵਿੱਢੇ ਸੰਘਰਸ਼ ਨੂੰ ਅੱਗੇ ਤੋਰਦਿਆਂ 8 ਅਗਸਤ ਨੂੰ ਵਿਧਾਇਕਾਂ ਅਤੇ ਸਾਂਸਦਾਂ ਦੇ ਘਰਾਂ ਵੱਲ ਮੋਟਰਸਾਈਕਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ,ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਕੇ ਕਿਹਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕਰਾਉਣ ਲਈ ਅਤੇ ਸਾਰਾ ਸਾਲ ਸਾਰੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣ, ਡੈਮ ਸੇਫਟੀ ਐਕਟ ਰੱਦ ਕਰਵਾਉਣ, ਹਰੇ ਇਨਕਲਾਬ ਦੇ ਪਾਣੀ ਬਰਬਾਦ ਕਰਨ ਵਾਲੇ ਖੇਤੀ ਮਾਡਲ ਦੇ ਬਦਲਾਅ ਲਈ, ਮੋਘਿਆਂ ਦੇ ਮੁੱਢ ਸਮੇਤ ਪਿੰਡਾਂ ਤੇ ਸ਼ਹਿਰਾਂ ਵਿਚ ਰੀਚਾਰਜ ਪੁਆਇੰਟ ਬਣਾਏ ਜਾਣ ਤਾਂ ਜੋ ਬਾਰਿਸ਼ ਅਤੇ ਵਾਧੂ ਨਹਿਰੀ ਪਾਣੀ ਧਰਤੀ ਹੇਠ ਰੀਚਾਰਜ ਕੀਤਾ ਜਾ ਸਕੇ।

Kirti Kisan Union

ਇਸ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਦੇ ਸੰਕਟ ਦੇ ਹੱਲ ਲਈ ਭਾਖੜਾ ਦਾ ਪਾਣੀ ਪਿੰਡਾਂ ਤੇ ਸ਼ਹਿਰਾਂ ਵਿਚ ਪਹੁੰਚਦਾ ਕੀਤਾ ਜਾਵੇ ਤਾਂ ਜੋ ਪਾਣੀ ਕਰਕੇ ਹੋ ਰਹੀਆਂ ਖਤਰਨਾਕ ਬਿਮਾਰੀਆਂ ਰੋਕੀਆਂ ਜਾ ਸਕਣ। ਸੇਮ ਨਾਲਿਆਂ ਦੀ ਹਰ ਸਾਲ ਸਫਾਈ ਕੀਤੀ ਜਾਵੇ ਤਾਂ ਜੋ ਵਾਧੂ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਫਸਲਾਂ ਬਰਬਾਦ ਹੋਣ ਤੋਂ ਬਚ ਸਕਣ।

Punjab Water

ਕਿਸਾਨ ਆਗੂਆਂ ਕਿਹਾ ਕੇ ਪਾਣੀਆਂ ਲਈ ਵਿੱਢੇ ਸੰਘਰਸ਼ ਕਰਕੇ ਹੀ ਪੰਜਾਬ ਸਰਕਾਰ ਨੇ ਨਹਿਰਾਂ ਦੇ ਤਲੇ ਕੱਚੇ ਰੱਖਣ ਦਾ ਫੈਸਲਾ ਕੀਤਾ ਹੈ। ਸਿਰਫ ਸੇਮ ਵਾਲੇ ਇਲਾਕਿਆਂ ਵਿਚ ਹੀ ਨਹਿਰਾਂ ਦੇ ਤਲੇ ਪੱਕੇ ਕੀਤੇ ਜਾਣਗੇ ਪਰ ਦਰਿਆਈ ਪਾਣੀਆਂ ਵਿਚ ਇੰਡਸਟਰੀ ਦੁਆਰਾ ਜ਼ਹਿਰੀਲਾ ਮਾਦਾ ਰਲਾ ਕੇ ਪੰਜਾਬ ’ਚ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਇਸ ਨੂੰ ਰੋਕਣਾ ਬੇਹੱਦ ਲਾਜ਼ਮੀ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਮੋਟਰਸਾਈਕਲ ਮਾਰਚ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਸਾਂਸਦਾਂ ਦੇ ਘਰਾਂ ਵੱਲ ਕੀਤੇ ਜਾਣਗੇ ਤੇ ਪਾਣੀਆਂ ਦੇ ਮਸਲੇ ’ਤੇ ਅਸੈਂਬਲੀ ਵਿਚ ਡੈਮ ਸੇਫਟੀ ਐਕਟ ਰੱਦ ਕਰਾਉਣ ਦਾ ਮਤਾ ਪਾਸ ਕਰਵਾਉਣ ਅਤੇ ਪਾਰਲੀਮੈਂਟ ਚ ਪਾਣੀਆਂ ਦੇ ਮਸਲੇ ’ਤੇ ਸੂਬਿਆਂ ਦੇ ਅਧਿਕਾਰਾਂ ’ਚ ਕੇਂਦਰ ਦੀ ਦਖਲਅੰਦਾਜ਼ੀ ਰੋਕਣ ਲਈ ਆਵਾਜ਼ ਚੁੱਕਣ ਦੀ ਮੰਗ ਕੀਤੀ ਜਾਵੇਗੀ।