ਨਾ ਮਜ਼ਦੂਰ, ਨਾ ਮਾਨਸੂਨ, ਕਿਸਾਨ ਝੋਨਾ ਲਾਉਣ ਲਈ ਹੋਏ ਪੱਬਾਂ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸੂਬੇ ਦੇ ਕਿਸਾਨ ਨੂੰ ਧਰਤੀ 'ਤੇ ਬੀਜਣ ਲਈ ਸਿਰਫ਼ ਤੇ ਸਿਰਫ਼ ਦੋ ਹੀ ਫ਼ਸਲਾਂ ਨਜ਼ਰੀ ਪੈਂਦੀਆਂ ਹਨ, ਉਹ ਹੈ ਕਣਕ ਤੇ ਝੋਨਾਂ।

Paddy plantation

ਲੁਧਿਆਣਾ (ਇੰਦਰਜੀਤ ਸਿੰਘ/ਕੁਲਦੀਪ ਸਿੰਘ ਸਲੇਮਪੁਰੀ): ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੌਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਸਰਕਾਰ ਚਾਹੇ ਨਿੱਤ ਨਵੀਆਂ ਨਵੀਆਂ ਸਕੀਮਾਂ ਦਾ ਐਲਾਨ ਕਰਦੀ ਹੈ ਅਤੇ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੇ ਕਿਨਾਰੇ ਦਾ ਦਾਅਵਾ ਕਰਦੀ ਹੈ ਪਰ ਸੂਬੇ ਦੇ ਕਿਸਾਨ ਨੂੰ ਧਰਤੀ 'ਤੇ ਬੀਜਣ ਲਈ ਸਿਰਫ਼ ਤੇ ਸਿਰਫ਼ ਦੋ ਹੀ ਫ਼ਸਲਾਂ ਨਜ਼ਰੀ ਪੈਂਦੀਆਂ ਹਨ, ਉਹ ਹੈ ਕਣਕ ਤੇ ਝੋਨਾਂ। ਕਿਸਾਨਾਂ ਨੂੰ ਮਿੱਥੀ ਤਰੀਕ ਤੱਕ ਮਸਾਂ ਹੀ ਰੋਕ ਕੇ ਰਖਿਆ, ਪਰ ਹੁਣ ਤਰੀਕ ਖ਼ਤਮ ਹੋਣ ਨੂੰ ਦੇਖਦੇ ਪੰਜਾਬ ਦੇ ਕਿਸਾਨਾਂ ਨੇ ਸੂਬੇ ਅੰਦਰ ਪਾਣੀ ਬਚਾਓ ਮੁਹਿੰਮ ਦੀ ਫੂਕ ਕੱਢਦੇ ਹੋਏ ਕਿਸਾਨਾਂ ਨੇ ਸੂਬੇ ਦੇ ਖੇਤਾਂ ਅੰਦਰ ਤੇਜੀ ਨਾਲ ਝੋਨਾ ਲਾਉਣਾ ਸ਼ੁਰੂ ਕਰ ਦਿਤਾ ਹੈ।

ਅਗਰ ਕੋਈ ਦੂਰੋਂ ਖੇਤਾਂ ਵੱਲ ਨਜਰ ਮਾਰੇ ਤਾਂ ਸਿਰਫ਼ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਆਉਣ ਵਾਲੇ ਸਮੇਂ 'ਚ ਪਾਣੀ ਦੀ ਸਤ੍ਹਾ ਨੀਵੀਂ ਹੁੰਦੀ ਜਾ ਰਹੀ, ਜਿਸਦੇ ਮੁੱਖ ਮੁੱਦੇ ਨੂੰ ਲੈ ਕੇ ਸਰਕਾਰਾਂ, ਖੇਤੀਬਾੜੀ ਵਿਭਾਗ ਅਤੇ ਵਿਗਿਆਨੀ ਭਾਰੀ ਚਿੰਤਤ ਹਨ, ਪਰ ਸਰਕਾਰ ਵਲੋਂ ਵੋਟ ਵਰਾਂ ਹੋਣ ਕਰਕੇ ਧੜਾਧੜ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਜਾਰੀ ਕਰਕੇ ਪਾਣੀ ਦੀ ਸਤ੍ਹਾ ਨੂੰ ਹੋਰ ਡੂੰਘਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਖੇਤੀਬਾੜੀ ਵਿਗਿਆਨੀ ਡਾ. ਸ਼ੇਰਅਜੀਤ ਸਿੰਘ ਮੰਡ ਨੇ ਦਸਿਆ ਕਿ ਰਾਜ ਅੰਦਰ ਮੱਕੀ ਅਤੇ ਪੁਦੀਨੇ ਦਾ ਕੁਝ ਰਕਬਾ ਵਧਣ ਨਾਲ ਝੋਨੇ ਹੇਠੋਂ ਰਕਬਾ ਘਟਿਆ ਹੈ ਅਤੇ ਜ਼ਿਲ੍ਹਾ ਲੁਧਿਆਣੇ ਅੰਦਰ ਝੋਨੇ ਦੀ ਫ਼ਸਲ ਹੇਠ 250000 ਹੈਕਟੇਅਰ ਰਕਬਾ ਦੇ ਕਰੀਬ ਬਿਜਾਈ ਹੋਣ ਦਾ ਅਨੁਮਾਨ ਹੈ।

ਜ਼ਿਲ੍ਹਾ ਲੁਧਿਆਣੇ ਅੰਦਰ ਕਿਸਾਨ  ਝੋਨੇ ਦੀ ਪੈਦਾਵਰ ਘਟਾ ਕੇ ਮੱਕੀ, ਪੁਦੀਨਾ, ਆਲੂ ਅਤੇ ਸਬਜ਼ੀਆਂ ਅਤੇ ਬਾਸਮਤੀ ਪ੍ਰਤੀ ਰੁਝਾਨ ਵਧਾ ਸਕਦੇ ਹਨ ਪਰ ਕਿਸਾਨ ਆਪਣੇ ਫ਼ਾਇਦੇ ਲਈ ਝੋਨੇ ਦੀ ਬਿਜਾਈ ਬਰਕਰਾਰ ਰੱਖ ਰਿਹਾ ਹੈ। ਇਸ ਸਮੇਂ ਖੇਤੀਬਾੜੀ ਅਫ਼ਸਰ ਮੰਡ ਨੇ ਦਸਿਆ ਕਿ ਸਿਧਵਾਂ ਬੇਟ ਬਲਾਕ ਅਧੀਨ ਝੋਨੇ ਦੀ ਬਿਜਾਈ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਕ ਡੀ.ਐਸ.ਆਰ. ਮਸ਼ੀਨ ਅਤੇ ਦੂਜਾ ਕੱਦੂ ਕਰਕੇ, ਜਿਸ ਅਧੀਨ 30 ਹਜ਼ਾਰ 500 ਹੈਕਟੇਅਰ ਕਰਬਾ ਕੱਦੂ ਕਰਕੇ ਕਿਸਾਨਾਂ ਵਲੋਂ ਝੌਨਾ ਬੀਜੇ ਜਾਣ ਦਾ ਅਨੁਮਾਨ ਹੈ।  ਡੀ.ਐਸ.ਆਰ. ਮਸ਼ੀਨ ਨਾਲ ਬੀਜੀ ਫ਼ਸਲ ਨੂੰ ਕਰੀਬ 8 ਪਾਣੀ ਹੀ ਲਗਦੇ ਹਨ ਅਤੇ ਜਾਗਰੂਕ ਕਿਸਾਨ ਹੁਣ ਡੀ.ਐਸ.ਆਰ. ਮਸ਼ੀਨ ਨਾਲ ਝੋਨਾ ਬੀਜਣ ਵੱਲ ਉਤਸ਼ਾਹਤ ਹੋ ਰਹੇ ਹਨ।

ਪਾਵਰਕਾਮ ਨੇ ਖੇਤੀਬਾੜੀ ਖਪਤਕਾਰਾਂ ਨੂੰ ਅੱਠ ਘੰਟੇ ਸਪਲਾਈ ਦੇਣ ਲਈ ਗਰੁੱਪਾਂ 'ਚ ਵੰਡਿਆ ਹੈ, ਤਾਂ ਕਿ ਕਿਸਾਨਾਂ ਨੂੰ ਪੂਰੇ ਘੰਟੇ ਸਪਲਾਈ ਦਿਤੀ ਜਾ ਸਕੇ। ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਪਹਿਲਾਂ ਝੋਨਾਂ ਬੀਜਣ ਦੀ ਤਾਕ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਡੇਰਿਆਂ ਵੱਲ ਰੁੱਖ ਕੀਤਾ ਜਾ ਰਿਹਾ ਹੈ। ਹਰ ਕਿਸਾਨ ਛੇਤੀ ਕੰਮ ਨਿਪਟਾਕੇ ਵਿਹਲਾ ਹੋਣਾ ਚਾਹੁੰਦਾ ਹੈ ਅਤੇ ਇਸ ਤੇਜੀ ਕਰਕੇ ਬਹੁਤੇ ਕਿਸਾਨਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ ਅਤੇ ਤੜਕਸਾਰ ਤੋਂ ਹੀ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆ 'ਤੇ ਜਾ ਕੇ ਡੇਰੇ ਲਾਏ ਜਾ ਰਹੇ ਹਨ। ਕਈ ਕਿਸਾਨਾਂ ਦੀ ਇਸ ਮਜ਼ਬੂਰੀ ਦਾ ਫਾਇਦਾ ਪ੍ਰਵਾਸੀ ਮਜ਼ਦੂਰ ਵੀ ਉਠਾ ਰਹੇ ਹਨ। 
ਉੱਧਰ ਸਰਕਾਰ ਨੇ ਝੋਨੇ ਦੀ ਕੀਮਤ 'ਚ ਨਿਗੂਣਾ ਵਾਧਾ ਕੀਤਾ ਹੈ। ਚਾਹੇ ਪੰਜਾਬ ਵਿਚ ਮੌਨਸੂਨ ਨੇ ਦਸਤਕ ਨਹੀਂ ਦਿਤੀ। ਭਾਵੇਂ ਮਜ਼ਦੂਰਾਂ ਦੀ ਘਾਟ ਹੈ ਪਰ ਸੂਬੇ ਦਾ ਕਿਸਾਨ ਝੋਨਾ ਲਾਉਣ ਲਈ ਫਿਰ ਵੀ ਪੱਬਾਂ ਭਾਰ ਹੈ।