ਟਿੱਡੀ ਦਲ ਦਾ ਪੰਜਾਬ 'ਚ ਹਮਲਾ ਕਿਸਾਨਾਂ ਦੇ ਸੁੱਕੇ ਸਾਹ, ਫਸਲਾਂ ਹੋਈਆਂ ਤਬਾਹ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਟਿੱਡੀ ਦਲ ਨੇ ਹੁਣ ਫਾਜ਼ਿਲਕਾ ਵੱਲ ਨੂੰ ਮੂੰਹ ਕਰ ਲਿਆ ਹੈ, ਜਿਨ੍ਹਾਂ ਨੇ ਪਿੰਡ ਰੂਪਨਗਰ ਤੇ ਬਕੈਨਵਾਲਾ 'ਚ ਆਪਣਾ ਡੇਰਾ ਲਾ ਲਿਆ ਹੈ। ਇਸ ਦੀ ਜਾਣਕਾਰੀ ਮਿਲਦੇ...

File Photo

ਚੰਡੀਗੜ੍ਹ: ਟਿੱਡੀ ਦਲ ਨੇ ਹੁਣ ਫਾਜ਼ਿਲਕਾ ਵੱਲ ਨੂੰ ਮੂੰਹ ਕਰ ਲਿਆ ਹੈ, ਜਿਨ੍ਹਾਂ ਨੇ ਪਿੰਡ ਰੂਪਨਗਰ ਤੇ ਬਕੈਨਵਾਲਾ 'ਚ ਆਪਣਾ ਡੇਰਾ ਲਾ ਲਿਆ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਖੇਤੀਬਾੜੀ ਵਿਭਾਗ ਵੱਲੋਂ ਐਮਰਜੰਸੀ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਦਰੱਖਤਾਂ ਤੇ ਟਿੱਡੀ ਦਲ 'ਤੇ ਸਪ੍ਰੇਅ ਕੀਤੀ। ਇਸ ਦੇ ਨਾਲ ਹੀ ਮਹਿਕਮੇ ਵੱਲੋਂ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਬਠਿੰਡਾ ਤੇ ਤਰਨ ਤਾਰਨ ਇਲਾਕੇ ਦੇ ਕਿਸਾਨਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। 

ਵਿਭਾਗ ਦੇ ਮੁੱਖ ਅਧਿਕਾਰੀ ਮਨਪ੍ਰੀਤ ਸਿੰਘ  ਬਰਾੜ ਨੇ ਕਿਹਾ ਕਿ ਐਤਵਾਰ ਨੂੰ ਅਚਾਨਕ ਹੋਏ ਟਿੱਡੀ ਦਲ ਦੇ ਹਮਲੇ ਦੀ ਜਾਣਕਾਰੀ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਦਿੱਤੀ। ਇਸ ਤੋਂ ਬਾਅਦ ਟੀਮ ਨੂੰ ਤੁਰੰਤ ਮੌਕੇ 'ਤੇ ਰਵਾਨਾ ਕੀਤਾ ਗਿਆ।

ਮੁੱਖ ਅਧਿਕਾਰੀ ਨੇ ਅੱਗੇ ਦੱਸਿਆ ਕਿ ਟਿੱਡੀਆਂ ਰਾਤ ਦੇ ਹਨੇਰੇ 'ਚ ਉੱਚੀਆਂ ਥਾਂਵਾਂ 'ਤੇ ਬੈਠਦੀਆਂ ਹਨ ਤੇ ਸਵੇਰ ਦੀ ਰੋਸ਼ਨੀ 'ਚ ਫਸਲਾਂ 'ਤੇ ਹਮਲਾ ਕਰਦੀਆਂ ਹਨ। ਇਸ ਦੌਰਾਨ ਸਪ੍ਰੇਅ ਕਰਨ ਲਈ ਅਬੋਹਰ ਤੇ ਫਾਜ਼ਿਲਕਾ ਤੋਂ ਫਾਇਰ ਬ੍ਰਿਗੇਡ ਮੰਗਵਾ ਕੇ ਟਿੱਡੀਆਂ ਨੂੰ ਮਾਰਿਆ ਗਿਆ।

ਦੱਸ ਦਈਏ ਕਿ ਟਿੱਡੀ ਦਲ ਨੇ ਸੋਮਵਾਰ ਨੂੰ ਸਵੇਰੇ ਹੋਣ ਤੋਂ ਬਾਅਦ ਵੱਖ-ਵੱਖ ਫਸਲਾਂ ਸਣੇ ਸਰੋਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਜਿਸ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤਾ।