ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਦਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤੀਬਾੜੀ ਮਹਿਕਮੇ ਦਾ ਮੰਨਣਾ ਕਿ ਅਜਿਹੀ ਕੋਈ ਗੱਲ ਨਹੀਂ

Punjab again under whitefly attack

ਅਬੋਹਰ : ਏਸ਼ੀਆ ਦੀ ਪ੍ਰਮੁੱਖ ਕੋਟਨ ਬੈਲਟ ਵਜੋਂ ਜਾਣੇ ਜਾਂਦੇ ਪੰਜਾਬ ਦੀ ਮਾਲਵਾ ਪੱਟੀ ਵਿਚ ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਹੈ ਜਿਸ ਕਾਰਨ ਝੋਨਾ ਛੱਡ ਕੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਅੰਦਰੋ-ਅੰਦਰੀ ਭੈਅਭੀਤ ਹਨ। ਜ਼ਿਆਦਾ ਜਾਣਕਾਰੀ ਨਾ ਹੋਦ ਕਾਰਨ ਕਿਸਾਨਾਂ ਨੇ ਕੀਟਨਾਸ਼ਕ ਵਾਈਆਂ ਦੀਆਂ ਦੁਕਾਨਾਂ 'ਤੇ ਗੇੜੇ ਮਾਰਨੇ ਸ਼ੁਰੂ ਕਰ ਦਿਤੇ ਹਨ। ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਵਿਚ ਨਰਮੇ ਦੀ ਫ਼ਸਲ ਚਿੱਟੀ ਮੱਖੀ ਦੇ ਹਮਲੇ ਦੀ ਲਪੇਟ ਵਿਚ ਆਈ ਹੋਈ ਹੈ, ਖਾਸਕਰਕੇ ਬਾਰਡਰ ਪੱਟੀ ਦੇ ਇਲਾਕੇ ਦੇ ਪਿੰਡਾਂ ਵਿੱਚ ਨਰਮੇ ਦੇ ਹਰੇ ਪੱਤੇ ਚਿੱਟੀ ਮੱਖੀ ਦੇ ਹਮਲੇ ਨਾਲ ਚਿੱਟੇ ਹੁੰਦੇ ਦਿਖਾਈ ਦੇ ਰਹੇ ਹਨ। ਇਹ ਬੀਮਾਰੀ ਵੀ ਅਜਿਹੀ ਹੈ ਜਿਹੜੀ ਥੋੜ੍ਹੇ ਜਿਹੇ ਸਮੇਂ 'ਚ ਹੀ ਫ਼ਸਲ ਨੂੰ ਅਪਣੀ ਲਪੇਟ 'ਚ ਲੈ ਲੈਂਦੀ ਹੈ ਤੇ ਦੇਖਦੇ ਹੀ ਦੇਖਦੇ ਫ਼ਸਲ ਦਾ ਪੱਤਾ ਸੁਕਣ ਲੱਗ ਜਾਂਦਾ ਹੈ।

ਜ਼ਿਕਰਯੋਗ ਹੈ ਕਿ 2015 ਵਿਚ ਪੰਜਾਬ ਦੀ ਮਾਲਵਾ ਬੈਲਟ ਵਿਚ ਇਨ੍ਹਾਂ ਦਿਨਾਂ ਹੀ ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਦਾ ਜ਼ਬਰਦਸਤ ਹਮਲਾ ਹੋਇਆ ਸੀ, ਜਿਸ ਦਾ ਜ਼ਿਕਰ ਆਉਂਦਿਆਂ ਹੀ ਅੱਜ ਵੀ ਕਿਸਾਨ ਤ੍ਰਬਕ ਜਾਂਦਾ ਹੈ। ਉਸ ਵੇਲੇ ਚਿੱਟੀ ਮੱਖੀ ਦੇ ਹਮਲੇ ਨੇ ਪੂਰੀ ਕੋਟਨ ਬੈਲਟ ਨੂੰ ਤਬਾਹ ਕਰ ਦਿਤਾ ਸੀ। ਉਸ ਤੋਂ ਬਾਅਦ ਕਿਸਾਨਾਂ ਨੇ ਨਰਮੇ ਦੀ ਫ਼ਸਲ ਦੀ ਬਿਜਾਈ ਤੋਂ ਹੀ ਤੋਬਾ ਕਰ ਲਈ ਸੀ ਪਰ ਸਰਕਾਰ ਵਲੋਂ ਵਾਰ ਵਾਰ ਅਪੀਲਾਂ ਕਰਨ 'ਤੇ ਇਸ ਵਾਰ ਕਿਸਾਨਾਂ ਨੇ ਵੱਡਾ ਜਿਗਰਾ ਕਰ ਕੇ ਨਰਮੇ ਦੀ ਫ਼ਸਲ ਬੀਜ ਤਾਂ ਲਈ ਪਰ ਇਤਿਹਾਸ ਉਨ੍ਹਾਂ ਸਾਹਮਣੇ ਫਿਰ ਆ ਖੜ੍ਹਾ ਹੋਇਆ ਹੈ। ਅਗਰ ਸਮਾਂ ਰਹਿੰਦੇ ਖੇਤੀਬਾੜੀ ਵਿਭਾਗ ਤੇ ਸਰਕਾਰ ਵਲੋਂ ਕਿਸਾਨਾਂ ਦੀ ਮਦਦ ਨਾ ਕੀਤੀ ਗਈ ਤਾਂ ਉਹ ਭਵਿੱਖ ਵਿਚ ਨਰਮੇ ਦੀ ਖੇਤੀ ਬਾਰੇ ਸੁਪਨੇ ਵਿਚ ਵੀ ਨਹੀਂ ਸੋਚਣਗੇ। ਹੁਣ ਹੋਏ ਚਿੱਟੀ ਮੱਖੀ ਦੇ ਹਮਲੇ ਕਾਰਨ ਕਿਸਾਨ ਬੁਰੀ ਤਰ੍ਹਾਂ ਚਿੰਤਾ ਵਿੱਚ ਦਬ ਗਿਆ ਹੈ। 

ਵਰਨਣਯੋਗ ਹੈ ਕਿ ਨਰਮੇ ਦੇ ਪੁੰਗਰਨ ਦੇ ਨਾਲ ਹੀ ਸਿੰਜਾਈ ਵਾਸਤੇ ਚੰਗੀ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ ਪ੍ਰੰਤੂ ਨਰਮੇ ਦੀ ਫ਼ਸਲ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਨਾ ਮਿਲਣ ਕਾਰਨ ਚਿੱਟੀ ਮੱਖੀ ਦੇ ਹਮਲੇ ਦੇ ਆਸਾਰ ਵੱਧ ਜਾਂਦੇ ਹਨ। ਇਸ ਵਾਰ ਨਹਿਰੀ ਪਾਣੀ ਦੀ ਘਾਟ ਅਤੇ ਮੀਂਹ ਦੀ ਘਾਟ ਨੇ ਇਸ ਬੀਮਾਰੀ ਨੂੰ ਇਕ ਵਾਰ ਫਿਰ ਮੌਕਾ ਦੇ ਦਿਤਾ ਹੈ। ਕਈ ਵਾਰ ਅਜੋਕੇ ਹਾਲਾਤ ਵਿਚ ਪਿਆ ਮੀਂਹ ਨਰਮੇ ਦੀ ਫ਼ਸਲ ਲਈ ਵਰਦਾਨ ਸਾਬਤ ਹੁੰਦਾ ਹੈ ਪਰ ਇਸ ਵਾਰ ਕਿਸਾਨਾਂ ਨੂੰ ਇਕ ਤਾਂ ਨਹਿਰੀ ਪਾਣੀ ਨਾ ਮਿਲਣਾ ਅਤੇ ਉਤੋਂ ਬਰਸਾਤ ਦਾ ਨਾ ਹੋਣਾ ਪ੍ਰੇਸ਼ਾਨੀ ਦਾ ਸੱਬਬ ਬਣ ਰਿਹਾ ਹੈ।

ਇਸ ਤੋਂ ਇਲਾਵਾ ਜ਼ਮੀਨੀ ਪਾਣੀ ਵਾਹੀ ਯੋਗ ਨਾ ਹੋਣ ਕਾਰਨ ਕਿਸਾਨ ਕੋਲ ਹੋਰ ਕੋਈ ਵਿਕਲਪ ਵੀ ਨਾ ਹੈ। ਇਸ ਸਬੰਧੀ ਜਦੋਂ ਮਹਿਕਮਾ ਖੇਤੀਬਾੜੀ ਦੇ ਅਬੋਹਰ ਵਿਚ ਤਾਇਨਾਤ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਰਣਬੀਰ ਯਾਦਵ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਨਰਮੇ 'ਤੇ ਚਿੱਟੀ ਮੱਖੀ ਦੇ ਹਮਲੇ ਵਾਲੀ ਕੋਈ ਗੱਲ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿਕਮੇ ਨੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ। ਜੇਕਰ ਅਜਿਹਾ ਹੋਇਆ ਤਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। 

ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਭਾਵੇਂ ਕਿਸਾਨ ਅਨਪੜ੍ਹ ਹੀ ਕਿਉਂ ਨਾ ਹੋਣ ਪਰ ਦਿਨ ਰਾਤ ਫ਼ਸਲ 'ਚ ਰਹਿਣ ਕਾਰਨ ਉਨ੍ਹਾਂ ਕੋਲ ਇੰਨਾ ਕੁ ਤਜਰਬਾ ਜ਼ਰੂਰ ਹੁੰਦਾ ਹੈ ਕਿ ਉਹ ਫ਼ਸਲ 'ਤੇ ਫੈਲਦੀ ਬੀਮਾਰੀ ਦਾ ਪਤਾ ਸੱਭ ਤੋਂ ਪਹਿਲਾਂ ਲਾ ਲੈਂਦੇ ਹਨ। ਭਾਵੇਂ ਉਨ੍ਹਾਂ ਨੂੰ ਬੀਮਾਰੀ ਦਾ ਨਾਂ ਤੇ ਇਲਾਜ ਨਾ ਪਤਾ ਹੋਵੇ ਪਰ ਇਹ ਜ਼ਰੂਰ ਪਤਾ ਹੁੰਦਾ ਹੈ ਕਿ ਫ਼ਸਲ 'ਚ ਕੋਈ ਨਾ ਕੋਈ ਤਬਦੀਲੀ ਬੀਮਾਰੀ ਦਾ ਕਾਰਨ ਹੈ। ਇਸ ਲਈ ਖੇਤੀਬਾੜੀ ਮਹਿਕਮੇ ਨੂੰ ਕਿਸਾਨਾਂ ਦੀ ਚਿੰਤਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਫ਼ੌਰੀ ਕਦਮ ਚੁਕਦਿਆਂ ਖੇਤਾਂ ਦਾ ਦੌਰਾ ਕਰਨਾ ਚਾਹੀਦਾ ਹੈ। ਅਗਰ ਇਸ ਵਾਰ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋ ਗਿਆ ਤਾਂ ਸਰਕਾਰਾਂ ਭੁੱਲ ਜਾਣ ਕਿ ਭਵਿੱਖ ਵਿਚ ਕਿਸਾਨ ਉਨ੍ਹਾਂ ਦੀਆਂ ਅਪੀਲਾਂ ਨੂੰ ਗੰਭੀਰਤਾ ਨਾਲ ਸੁਣਨਗੇ।