ਮੱਕੀ ਨੂੰ ਫ਼ਾਲ ਆਰਮੀਵਰਮ ਕੀੜੇ ਤੋਂ ਬਚਾਉਣ ਲਈ ਪੀਏਯੂ ਮਾਹਿਰਾਂ ਨੇ ਕੀਤੀਆਂ ਸਿਫ਼ਾਰਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿਚ ਫ਼ਾਲ ਆਰਮੀਵਰਮ ਕੀੜੇ ਦਾ ਮੱਕੀ ਤੇ ਹਮਲਾ ਅੱਧ ਜੂਨ ਤੋਂ ਹੀ ਲਗਾਤਾਰ ਦੇਖਿਆ ਜਾ ਰਿਹਾ ਹੈ।

Maize

ਲੁਧਿਆਣਾ: ਪੰਜਾਬ ਵਿਚ ਫ਼ਾਲ ਆਰਮੀਵਰਮ ਕੀੜੇ ਦਾ ਮੱਕੀ ਤੇ ਹਮਲਾ ਅੱਧ ਜੂਨ ਤੋਂ ਹੀ ਲਗਾਤਾਰ ਦੇਖਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸ ਕੀੜੇ ਦੀ ਮਾਦਾ ਪਤੰਗਾ ਇਕ ਹਜ਼ਾਰ ਤੋਂ ਵਧ ਆਂਡੇ ਦਿੰਦੀ ਹੈ। ਲਗਭਗ ਇਕ ਮਹੀਨੇ ਵਿਚ ਇਸ ਦੀ ਅਗਲੀ ਪੀੜ੍ਹੀ ਆ ਜਾਂਦੀ ਹੈ ਅਤੇ ਇਸੇ ਲਈ ਮੱਕੀ ਉਤੇ ਆਉਣ ਵਾਲੇ ਦਿਨਾਂ ਵਿਚ ਇਸ ਕੀੜੇ ਦੇ ਵਧਣ ਦੀ ਸੰਭਾਵਨਾ ਹੈ।

ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖ਼ੇਤਾਂ ਦਾ ਚੰਗੀ ਤਰ੍ਹਾਂ ਸਰਵੇਖ਼ਣ ਕਰਦੇ ਰਹਿਣ ਅਤੇ ਇਸਦਾ ਹਮਲਾ ਦਿਖਦੇ ਸਾਰ ਹੀ ਢੁਕਵੇਂ ਰੋਕਥਾਮ ਉਪਰਾਲੇ ਕਰਨ। ਖੇਤਾਂ ਦੇ ਲਗਾਤਾਰ ਸਰਵੇਖਣ ਨਾਲ ਅਸੀਂ ਇਸ ਕੀੜੇ ਦੇ ਆਂਡਿਆਂ ਦੇ ਝੁੰਡਾਂ ਅਤੇ ਛੋਟੀਆਂ ਸੁੰਡੀਆਂ ਨੂੰ ਸ਼ੁਰੂ ਵਿਚ ਨਸ਼ਟ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕੀੜੇ ਦੇ ਵਾਧੇ ਅਤੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਹਮਲੇ ਦੇ ਸ਼ੁਰੂਆਤ ਵਿਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਸ਼ੁਰੁਆਤੀ ਹਮਲੇ ਦੀ ਰੋਕਥਾਮ ਅਸਾਨੀ ਨਾਲ ਹੋ ਜਾਂਦੀ ਹੈ। ਵੱਡੀਆਂ ਸੁੰਡੀਆਂ ਨੁਕਸਾਨ ਵੀ ਬਹੁਤ ਕਰਦੀਆਂ ਹਨ ਅਤੇ ਇਹਨਾਂ ਦੀ ਰੋਕਥਾਮ ਵੀ ਮੁਸ਼ਕਿਲ ਹੁੰਦੀ ਹੈ। ਪੱਤਿਆਂ ਉਪਰ ਬੇਤਰਤੀਬੀ, ਗੋਲ ਜਾਂ ਅੰਡਾਕਾਰ ਮੋਰੀਆਂ ਅਤੇ ਗੋਭ ਵਿਚ ਵਿੱਠਾਂ ਇਸ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਸੁੰਡੀ ਦੀ ਪਹਿਚਾਣ ਇਸਦੇ ਪਿਛਲੇ ਸਿਰੇ ਵੱਲ ਵਰਗਾਕਾਰ ਵਿਚ ਚਾਰ ਬਿੰਦੂਆਂ ਅਤੇ ਸਿਰ ਉਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ ‘Y’ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।

ਸਾਉਣੀ ਰੁਤ ਦੀ ਮੱਕੀ ਦੀ ਬਿਜਾਈ ਲਗਭਗ ਮੁਕੰਮਲ ਹੋ ਚੁਕੀ ਹੈ। ਫ਼ਸਲ ਦਾ ਲਗਾਤਾਰ ਸਰਵੇਖਣ ਜ਼ਰੂਰ ਕੀਤਾ ਜਾਵੇ। ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਜਰੂਰ ਮੁਕੰਮਲ ਕਰ ਲਈ ਜਾਵੇ। ਨਾਲ ਲਗਦੇ ਖੇਤਾਂ ਵਿਚ ਮੱਕੀ ਦੀ ਬਿਜਾਈ ਥੋੜ੍ਹੇ- ਥੋੜ੍ਹੇ ਵਕਫ਼ੇ ਤੇ ਨਾ ਕੀਤੀ ਜਾਵੇ। ਚਾਰੇ ਵਾਲੀ ਮੱਕੀ ਦੀ ਅਤਿ ਸੰਘਣੀ ਬਿਜਾਈ ਤੋਂ ਗੁਰੇਜ਼ ਕਰੋ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਨਾਲ ਕਤਾਰਾਂ ਵਿਚ ਹੀ ਬਿਜਾਈ ਕਰੋ।

ਕੀੜੇ ਦਾ ਤੇਜ਼ੀ ਨਾਲ ਫ਼ੈਲਾਅ ਰੋਕਣ ਲਈ ਚਾਰੇ ਵਾਲੀ ਮੱਕੀ ਵਿਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਬੀਜੋ। ਸਹੀ ਮਿਕਦਾਰ ਵਿਚ ਖਾਦਾਂ ਅਤੇ ਪਾਣੀ ਦੀ ਵਰਤੋਂ ਕੀਤੀ ਜਾਵੇ । ਪੱਤੇ ਤੇ ਦਿੱਤੇ ਇਸ ਕੀੜੇ ਦੇ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰ ਦਿਉ। ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਅਸਾਨੀ ਨਾਲ ਦਿਖ ਜਾਂਦੇ ਹਨ।

ਨਵੀਆਂ ਨਿਕਲੀਆਂ ਸੁੰਡੀਆਂ ਦੇ ਇਕਠ ਨੂੰ ਵੀ ਨਸ਼ਟ ਕਰਦੇ ਰਹੋ। ਕੀੜੇ ਦੇ ਹਮਲੇ ਦੀ ਸੂਰਤ ਵਿਚ 0.5 ਮਿਲੀਲਿਟਰ ਡੈਲੀਗੇਟ 11.7 ਐਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਘੋਲ ਅਤੇ ਇਸ ਤੋਂ ਵਡੀ ਫ਼ਸਲ ਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤਕ ਵਧਾਉ। ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਰਖੋ। ਚਾਰੇ ਵਾਲੀ ਫ਼ਸਲ ਤੇ 0.4 ਮਿਲੀਲਿਟਰ ਕੋਰਾਜਨ 18.5 ਐਸ ਸੀ ਨੂੰ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਦੀ ਵਰਤੋਂ 21 ਦਿਨ ਤੱਕ ਨਾ ਕੀਤੀ ਜਾਵੇ ।