ਕੰਢੀ ਦੇ ਆੜੂ ਉਤਪਾਦਕ ਬਣੇ ਨਿਰਾਸ਼ ਕਿਸਾਨੀ ਲਈ ਆਸ ਦੀ ਕਿਰਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿਚ ਰਵਾਇਤੀ ਫ਼ਸਲੀ ਚੱਕਰ 'ਚ ਉਲਝੀ, ਨਿਰਾਸ਼ਾ ਦੇ ਦੌਰ 'ਚੋਂ ਗੁਜਰ ਰਹੀ ਕਿਸਾਨੀ ਲਈ ਬਲਾਚੌਰ ਦੇ ਕੰਢੀ ਖੇਤਰ ਦੇ ਆੜੂ ਉਤਪਾਦਕ ਜਿਥੇ ਆਸ...

Farmers Showing Kandi and peach

ਬਲਾਚੌਰ/ਕਾਠਗੜ੍ਹ: ਪੰਜਾਬ ਵਿਚ ਰਵਾਇਤੀ ਫ਼ਸਲੀ ਚੱਕਰ 'ਚ ਉਲਝੀ, ਨਿਰਾਸ਼ਾ ਦੇ ਦੌਰ 'ਚੋਂ ਗੁਜਰ ਰਹੀ ਕਿਸਾਨੀ ਲਈ ਬਲਾਚੌਰ ਦੇ ਕੰਢੀ ਖੇਤਰ ਦੇ ਆੜੂ ਉਤਪਾਦਕ ਜਿਥੇ ਆਸ ਦੀ ਕਿਰਨ ਬਣ ਕੇ ਉਭਰੇ ਹਨ, ਉਥੇ ਬਦਲਵੀਂ ਖੇਤੀ ਦਾ ਕਾਮਯਾਬ ਮਾਡਲ ਵੀ ਸਾਹਮਣੇ ਲੈ ਕੇ ਆਏ ਹਨ।ਨੀਮ ਪਹਾੜੀ ਇਲਾਕਾ ਹੋਣ ਕਾਰਨ ਇਥੇ ਆੜੂ ਦੇ ਫਲ ਲਈ ਲੋੜੀਂਦਾ ਘੱਟ ਤਾਪਮਾਨ ਪੰਜਾਬ ਵਿਚੋਂ ਸੱਭ ਤੋਂ ਲੰਬਾ ਸਮਾਂ ਰਹਿੰਦਾ ਹੈ। ਇਸ ਸਾਲ ਆੜੂ ਦੀ ਭਰਪੂਰ ਫ਼ਸਲ ਲੈਣ ਵਾਲਾ ਬਿਛੌੜੀ ਦਾ ਕੇਹਰ ਸਿੰਘ ਬਹੁਤ ਖ਼ੁਸ਼ ਹੈ ਕਿ 6 ਸਾਲ ਦੀ ਉਮਰ ਦੇ ਬੂਟਿਆਂ ਵਾਲਾ ਬਾਗ਼ 3 ਲੱਖ ਰੁਪਏ ਵਿਚ ਵਿਕਿਆ। ਉਸ ਦੇ ਇਸ ਬਾਗ਼ ਵਿਚ 150 ਬੂਟੇ ਸਨ।

ਫ਼ਿਰਨੀ ਮਜਾਰਾ ਦਾ ਪ੍ਰਕਾਸ਼ ਰਾਮ, ਮੰਢਿਆਣੀ ਦਾ ਜੋਗਿੰਦਰ ਸਿੰਘ ਅਤੇ ਬਿਛੌੜੀ ਦਾ ਹੀ ਗੁਰਦੇਵ ਸਿੰਘ ਵੀ ਕੇਹਰ ਸਿੰਘ ਵਾਂਗ ਆੜੂ ਦੀ ਭਰਪੂਰ ਫ਼ਸਲ ਲੈ ਰਹੇ ਹਨ।ਸਹਾਇਕ ਨਿਰਦੇਸ਼ਕ ਬਾਗ਼ਬਾਨੀ ਸ਼ਹੀਦ ਭਗਤ ਸਿੰਘ ਨਗਰ, ਦਿਨੇਸ਼ ਕੁਮਾਰ ਅਨੁਸਾਰ ਆੜੂ ਦੇ ਬਾਗ਼ ਲਈ ਪਾਣੀ ਦੇ ਨਿਕਾਸ ਵਾਲੀ, ਉਪਜਾਊ ਅਤੇ ਮੈਰਾ ਜ਼ਮੀਨ ਢੁੱਕਵੀਂ ਹੈ। ਇਸੇ ਕਰ ਕੇ ਕੰਢੀ ਇਲਾਕੇ ਵਿਚ 150 ਹੈਕਟੇਅਰ ਰਕਬਾ ਆੜੂ ਦੇ ਬਾਗ਼ਾਂ ਥੱਲੇ ਹੈ।

ਬਲਾਕ ਸੜੋਆ ਦੇ ਕੁੱਝ ਪਿੰਡ ਜਿਵੇਂ ਕਿ ਫਿਰਨੀ ਮਜਾਰਾ, ਟਪਰੀਆਂ ਰਾਣੇਵਾਲ, ਸਾਹਦੜ੍ਹਾ, ਭਨੂੰ, ਬਿਛੋੜੀ, ਮੋਜੋਵਾਲ ਮਜਾਰਾ ਆਦਿ ਪਿੰਡਾਂ ਵਿੱਚ ਆੜੂ ਬਾਗ਼ਾਂ ਦਾ ਕਲਸਟਰ ਹੈ। ਜੋ ਬਾਗ਼ਬਾਨ ਖ਼ੁਦ ਫਲ ਵੇਚਦੇ ਹਨ, ਉਨ੍ਹਾਂ ਨੂੰ ਪ੍ਰਤੀ ਏਕੜ 80000 ਰੁਪਏ ਤੋਂ ਇਕ ਲੱਖ ਰੁਪਏ ਤਕ ਦੀ ਆਮਦਨ ਹੋ ਜਾਂਦੀ ਹੈ ।ਬਾਗ਼ਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਦਸਦੇ ਹਨ ਕਿ ਆੜੂ ਦੇ ਫਲ ਦੀ ਮੰਡੀ ਦੇ ਵਿਚ ਕਾਫੀ ਡੀਮਾਂਡ ਰਹਿੰਦੀ ਹੈ ਕਿ ਕਿ ਇਸ ਸਮੇਂ ਹੋਰ ਫਲ  ਨਹੀ ਹੁੰਦੇ।

ਬਾਗ਼ਬਾਨਾਂ ਨੂੰ ਫਲ ਦੀ ਤੁੜਾਈ, ਗਰੇਡਿੰਗ ਅਤੇ ਪੈਕਿੰਗ ਕਰ ਕੇ ਬੇਹਤਰ ਮੰਡੀਕਰਨਕਰਨ ਦੀ ਜਾਣਕਾਰੀ ਬਾਗ਼ਬਾਨੀ ਵਿਭਾਗ ਵਲੋਂ ਦਿਤੀ ਜਾਂਦੀ ਹੈ। ਇਸ ਨਾਲ ਬਾਗ਼ਬਾਨ ਚੰਗਾ ਮੁਨਾਫਾ ਕਮਾਉਂਦੇ ਹਨ। ਉਹ ਦੱਸਦੇ ਹਨ ਕਿ ਪ੍ਰਤਾਪ ਕਿਸਮ ਜੋ ਕਿ ਸਥਾਨਕ ਕਿਸਾਨਾਂ ਵਿਚ ਚਿੱਟਾ ਆੜੂ ਦੇ ਨਾਮ ਨਾਲ ਜਾਣੀ ਜਾਂਦੀ ਹੈ, ਦੀ ਦਿੱਲੀ ਦੀ ਮੰਡੀ ਵਿੱਚ ਕਾਫ਼ੀ ਮੰਗ ਹੈ। ਸਾਲ 2018 ਦੌਰਾਨ ਆੜੂ ਦੇ ਬਾਗ਼ਾਂ ਵਿਚ ਚੰਗਾ ਤੇ ਭਰਪੂਰ ਫਲ ਆਇਆ ਜਿਸ ਤੋਂ ਬਾਗ਼ਬਾਨਾਂ ਨੂੰ ਵਧੀਆਂ ਆਮਦਨ ਮਿਲੀ ਹੈ।

ਬਾਗ਼ਬਾਨੀ ਵਿਕਾਸ ਅਫ਼ਸਰ ਜਗਦੀਸ਼ ਸਿੰਘ ਕਾਹਮਾ ਦੱਸਦੇ ਹਨ ਕਿ ਬਲਾਚੌਰ ਇਲਾਕਾ ਆੜੂ ਦੇ ਬਾਗ਼ ਲਗਾਉਣ ਲਈ ਬਹੁਤ ਢੁੱਕਵਾਂ ਹੈ। ਲਗਭਗ 150 ਹੈਕਟੇਅਰ ਰਕਬਾ ਆੜੂ ਦੇ ਬਾਗ਼ਾਂ ਅਧੀਨ ਹੈ ਜਿਸ ਵਿਚੋਂ 80 ਪ੍ਰਤੀਸ਼ਤ ਦੇ ਕਰੀਬ ਰਕਬਾ ਸ਼ਾਨ-ਏ-ਪੰਜਾਬ ਕਿਸਮ ਅਧੀਨ ਅਤੇ ਬਾਕੀ ਅਰਲੀ ਗਲੈਂਡ ਤੇ ਪ੍ਰਤਾਪ ਕਿਸਮ ਅਧੀਨ ਹੈ। 

ਸਹਾਇਕ ਡਾਇਰੈਕਟਰ ਦਿਨੇਸ਼ ਕੁਮਾਰ ਨੇ ਆੜੂ ਦੇ ਬਾਗ਼ਬਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਬੂਟਿਆਂ ਦਾ ਪ੍ਰਬੰਧ ਕਰ ਕੇ ਅਤੇ ਚੰਗੀ ਵਿਉਂਤਬੰਦੀ ਨਾਲ ਆੜੂ ਦੇ ਬਾਗ਼ ਲਾਉਣ ਕਿਉਂ ਜੋ ਇਸ ਇਲਾਕੇ ਵਿਚ ਆੜੂਆਂ ਦੇ ਬਾਗ਼ਾਂ ਦਾ ਵੱਡਾ ਕਲਸਟਰ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵੱਡਾ ਕਲਸਟਰ ਬਣਨ ਨਾਲ ਕਿਸਾਨਾਂ ਨੂੰ ਮੰਡੀਕਰਨ ਕਰਨ ਵਿਚ ਸੌਖ ਹੋਵੇਗੀ।